ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 3 ਮਈ
ਇਸ ਖੇਤਰ ਦੇ ਪਿੰਡ ਚਲਹੇੜੀ, ਥੂਹਾ, ਬਨੂੜ, ਘਨੌਰ, ਸੂਰਜਗੜ੍ਹ ਸਮੇਤ ਅੱਧਾ ਦਰਜਨ ਪਿੰਡਾਂ ਦੇ ਵਸਨੀਕ ਕਰੀਬ ਚਾਰ ਦਰਜਨ ਤੋਂ ਵੱਧ ਕਿਸਾਨਾਂ ਨੂੰ ਸੂਰਜਮੁਖੀ ਦਾ ਘਟੀਆ ਕਿਸਮ ਦਾ ਬੀਜ ਵੇਚਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਬੀਜ ਦੀ ਮੁੱਖ ਸਪਲਾਈਰ ਮੈਸਰਜ਼ ਸਾਈਨਰਜੀਨ ਕਰਾਪ ਇਨੋਵੇਸ਼ਨਜ਼ ਹੈਦਰਾਬਾਦ ਕੰਪਨੀ ਦੇ ਰਿਜਨਲ ਡਾਇਰੈਕਟਰ ਦਵਿੰਦਰ ਸਿੰਘ ਵਾਸੀ ਪਿੰਡ ਮੰਢੌਰ ਜ਼ਿਲ੍ਹਾ ਅੰਬਾਲਾ ਅਤੇ ਰਾਜਪੁਰਾ ਸਥਿਤ ਫਰਮਾਂ, ਆਰ. ਕੇ ਟਰੇਡਰਜ਼, ਸ਼ਾਮ ਟਰੇਡਿੰਗ ਕੰਪਨੀ ਨਵੀਂ ਅਨਾਜ ਮੰਡੀ ਰਾਜਪੁਰਾ ਅਤੇ ਰਾਜਪੁਰਾ ਪੈਸਟੀਸਾਈਡ ਕ੍ਰਿਸ਼ਨਾ ਮਾਰਕੀਟ ਰਾਜਪੁਰਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਖੇਤੀਬਾੜੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਕੋਲ ਕਿਸਾਨਾਂ ਵੱਲੋਂ ਸਮੂਹਿਕ ਤੌਰ ’ਤੇ ਲਿਖਤੀ ਰੂਪ ਵਿੱਚ ਸੂਰਜਮੁਖੀ ਬੀਜ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਇਸ ਦੀ ਏ.ਡੀ.ਓ ਰਾਜਪੁਰਾ ਨੀਤੂ ਰਾਣੀ, ਏ.ਡੀ.ਓ ਘਨੌਰ ਜੁਪਿੰਦਰ ਸਿੰਘ, ਏ.ਡੀ.ਓ ਰਾਜਪੁਰਾ ਮਿਸ ਕਰੂਣਾ, ਏ.ਡੀ.ਓ ਅਮਨਪ੍ਰੀਤ ਸਿੰਘ, ਕੇ.ਵੀ.ਕੇ ਰੋਣੀ ਦੇ ਸਹਾਇਕ ਪ੍ਰੋ. ਹਰਦੀਪ ਸਿੰਘ ’ਤੇ ਅਧਾਰਿਤ ਵਿਭਾਗ ਦੀ ਟੀਮ ਵੱਲੋਂ ਪੜਤਾਲ ਕੀਤੀ ਗਈ। ਕਿਸਾਨਾਂ ਤੋਂ ਪੁੱਛ ਪੜਤਾਲ ਦੌਰਾਨ ਜਾਣਕਾਰੀ ਮਿਲੀ ਕਿ ਇਨ੍ਹਾਂ ਕਿਸਾਨਾਂ ਵੱਲੋਂ ਰਾਜਪੁਰਾ ਦੀ ਉਪਰੋਕਤ ਫਰਮਾਂ ਤੋਂ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਬਿੱਲ ਰਾਹੀਂ ਸੂਰਜਮੁਖੀ ਦਾ ਬੀਜ ਖਰੀਦਿਆ ਗਿਆ ਸੀ ਅਤੇ ਕਰੀਬ 125 ਏਕੜ ਰਕਬੇ ਵਿੱਚ ਸੂਰਜਮੁਖੀ ਦੀ ਫਸਲ ਬੀਜੀ ਗਈ। ਇਹ ਬੀਜ ਉਪਰੋਕਤ ਫਰਮਾਂ ਨੇ ਮੈਸਰਜ਼ ਸਾਈਨਰਜੀਨ ਕਰਾਪ ਇਨੋਵੇਸ਼ਨਜ਼ ਹੈਦਰਾਬਾਦ ਕੰਪਨੀ ਤੋਂ ਖਰੀਦ ਕੀਤਾ ਸੀ ਅਤੇ ਅੱਗੇ ਕਿਸਾਨਾਂ ਨੂੰ ਵੇਚਿਆ ਗਿਆ। ਖੇਤਾਂ ਵਿੱਚ ਸੂਰਜਮੁਖੀ ਦੀ ਫਸਲ ਦੇ ਫੁੱਲਾਂ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਦੇ ਫੁੱਲਾਂ ਦਾ ਸਾਈਜ਼ ਬਹੁਤ ਛੋਟਾ ਹੈ। ਨਿਸਰਨ ’ਤੇ ਇਨ੍ਹਾਂ ਵਿੱਚ ਬੀਜ ਬਣਨ ਦੀ ਆਸ ਬਹੁਤ ਘੱਟ ਹੈ। ਜੋ ਵੀ ਬਣੇਗਾ ਉਹ ਮਾੜੀ ਗੁਣਵਤਾ ਵਾਲਾ ਬੀਜ ਪੈਦਾ ਹੋਵੇਗਾ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਸੂਰਜਮੁਖੀ ਦਾ ਬੀਜ ਘਟੀਆ ਕਿਸਮ ਦਾ ਹੈ ਅਤੇ ਕੰਪਨੀ ਨੇ ਕਿਸਾਨਾਂ ਨਾਲ ਕਥਿਤ ਤੌਰ ’ਤੇ ਧੋਖਾਧੜੀ ਕੀਤੀ ਹੈ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ।
ਅਧਿਕਾਰੀ ਨੇ ਦੱਸਿਆ ਕਿ ਸਪਲਾਈਰ ਕੰਪਨੀ ਸਾਈਨਰਜੀਨ ਕਰਾਪ ਇਨੋਵੇਸ਼ਨਜ਼ ਹੈਦਰਾਬਾਦ ਕੰਪਨੀ ਦੇ ਪੰਜਾਬ ਲਾਇਸੈਂਸ ਦੀ ਮਿਆਦ 21 ਦਸੰਬਰ 2019 ਸੀ ਪ੍ਰੰਤੂ ਬਾਅਦ ਵਿੱਚ ਉਕਤ ਕੰਪਨੀ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਾਸੋਂ ਆਪਣਾ ਬੀਜਾਂ ਦਾ ਲਾਇਸੈਂਸ ਪੰਜਾਬ ਵਿੱਚ ਬੀਜ ਵੇਚਣ ਲਈ ਮੁੜ ਨਹੀਂ ਨਵਿਆਇਆ। ਅਜਿਹਾ ਕਰਕੇ ਉਕਤ ਕੰਪਨੀ ਨੇ ਪੰਜਾਬ ਵਿੱਚ ਬਿਨਾਂ ਲਾਇਸੈਂਸ ਘਟੀਆ ਬੀਜ ਵੇਚ ਕੇ ਸੀਡ ਕੰਟਰੋਲ ਆਰਡਰ 1983 ਦੀ ਧਾਰਾ 3 ਦੀ ਉਲੰਘਣਾ ਕੀਤੀ ਹੈ ਜੋ ਅਪਰਾਧ ਹੈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਉਪਰੋਕਤ ਚਾਰ ਫਰਮਾਂ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਨ੍ਹਾਂ ਖਿਲਾਫ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।