ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਮਈ
ਮੇਅਰ ਸੰਜੀਵ ਬਿੱਟੂ ਦੀ ਪ੍ਰੇਰਣਾ ਸਦਕਾ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਵਿਚ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਮਲਟੀ ਟਾਸਕ ਵਰਕਰਾਂ ਦੀ ਮਦਦ ਲਈ ਅੱਗੇ ਆਈਆਂ ਹਨ। ਅੱਜ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਰਾਜਿੰਦਰਾ ਹਸਪਤਾਲ ਪਹੁੰਚੇ ਮੇਅਰ ਬਿੱਟੂ ਨੇ ਐਲਾਨ ਕੀਤਾ ਕਿ ਮਲਟੀ ਟਾਸਕ ਵਰਕਰਾਂ ਨੂੰ ਹਰ ਮਹੀਨੇ ਦਸ ਲੱਖ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਸਮਾਜ ਸੇਵੀ ਸੰਸਥਾਵਾਂ ਦੇ ਯਤਨਾਂ ਸਦਕਾ ਹਰ ਮਲਟੀ-ਟਾਸਕ ਵਰਕਰ ਨੂੰ ਦੋ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਧੂ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਐੱਚ.ਐੱਸ ਰੇਖੀ, ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਸੁਰਭੀ ਮਲਿਕ ਸਣੇ ਸਾਰੇ ਡਾਕਟਰਾਂ ਨੇ ਮੇਅਰ ਸਮੇਤ ਸੇਵਾ ਲਈ ਅੱਗੇ ਆਈਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ ਹੈ।
ਹਰ ਕਰੋਨਾ ਮਰੀਜ਼ ਨੂੰ ਦੁੱਧ ਅਤੇ ਫਲ ਮਿਲਣਗੇ
ਸ਼੍ਰੀ ਰਾਧਾ ਕ੍ਰਿਸ਼ਨ ਜਨਸੇਵਾ ਸਮਿਤੀ ਵੱਲੋਂ ਅਨੀਸ਼ ਮੰਗਲਾ, ਪ੍ਰਵੀਨ ਸ਼ਰਮਾ, ਵਿਨੋਦ ਬਾਂਸਲ, ਸੁਰਿੰਦਰ ਜਿੰਦਲ, ਸੁਸ਼ੀਲ ਗੌਤਮ, ਜਨਰਲ ਸਕੱਤਰ ਵਿਨੋਦ ਸ਼ਰਮਾ, ਭਾਈ ਘਨ੍ਹੱਈਆ ਟਰੱਸਟ ਅਤੇ ਸਾਈ ਸੇਵਾ ਸੰਸਥਾ ਨੇ ਰਾਜਿੰਦਰਾ ਹਸਪਤਾਲ ਦੇ ਸਾਰੇ ਕੋਵਿਡ ਮਰੀਜ਼ਾਂ ਨੂੰ ਸਾਂਝੇ ਤੌਰ ’ਤੇ ਰੋਜ਼ਾਨਾ ਦੁੱਧ ਅਤੇ ਫਲ ਦੀ ਸੇਵਾ ਕਰਨ ਦਾ ਵੀ ਐਲਾਨ ਕੀਤਾ ਹੈ।