ਖੇਤਰੀ ਪ੍ਰਤੀਨਿਧ
ਪਟਿਆਲਾ, 2 ਮਈ
ਜ਼ਿਲ੍ਹਾ ਕਚਹਿਰੀਆਂ ਦੇ ਬਾਰ ਰੂਮ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਦੇਸ਼ ਭਗਤ ਯਾਦਗਾਰੀ ਕਮੇਟੀ ਤੇ ਡੈਮੋਕਰੈਟਿਕ ਲਾਯਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸਾਂਝੇ ਤੌਰ ’ਤੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਕੀਲ, ਸਮਾਜਿਕ ਤੇ ਟਰੇਡ ਯੂਨੀਅਨ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਦਲਵਾਰਾ ਸਿੰਘ ਭਿੰਡਰ, ਕੁਲਵੀਰ ਸਿੰਘ, ਸਰਬਜੀਤ ਸਿੰਘ ਵਿਰਕ, ਸੋਹਣ ਸਿੰਘ ਭੁਲਰ, ਕੁਲਦੀਪ ਸਿੰਘ ਜੋਸਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਅਤੇ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ। ਇਸ ਦੌਰਾਨ ਹਾਈ ਕੋਰਟ ਦੇ ਵਕੀਲ ਐਡਵੋਕੇਟ ਮਨਦੀਪ ਸਿੰਘ ਨੇ ਨਵੇਂ ਕਿਰਤ ਕੋਡਾਂ ਦਾ ਮੁਲਾਂਕਣ ਕੀਤਾ। ਇਸ ਮੌਕੇ ਕਿਰਤੀਆਂ ਦੀ ਜ਼ਿੰਦਗੀ ’ਤੇ ਆਧਾਰਿਤ ‘ਕਿਰਤੀ’ ਫ਼ਿਲਮ ਵੀ ਦਿਖਾਈ ਗਈ। ਦੂਸਰੀ ਫਿਲਮ ‘ਪੰਜਾਬ ਅੰਦਰ ਇੱਟਾਂ ਦੇ ਭਠਿਆਂ ਤੇ ਬੰਧੂਆ ਮਜ਼ਦੂਰੀ ਦੀ ਦਾਸਤਾਨ’ ਵੀ ਦਿਖਾਈ ਗਈ। ਐਡਵੋਕੇਟ ਜਿੰਦੂ ਤੇ ਪ੍ਰੋਫ਼ੈਸਰ ਘੁੰਮਣ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਾਂਗ ਹੀ ਕਿਰਤ ਕਾਨੂੰਨ ਕਰੋੜਾਂ ਕਿਰਤੀਆਂ ਦੀ ਜ਼ਿੰਦਗੀ ਨੂੰ ਹਨੇਰੇ ਵਿੱਚ ਸੁੱਟ ਦੇਣਗੇ।