ਪੱਤਰ ਪ੍ਰੇਰਕ
ਰਾਜਪੁਰਾ, 6 ਮਈ
ਖਾਲਿਸਤਾਨ ਦੇ ਮੁੱਦੇ ’ਤੇ 29 ਅਪਰੈਲ ਨੂੰ ਪਟਿਆਲਾ ਵਿੱਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਸਾਰੇ ਭਾਈਚਾਰਿਆਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾ ਕੇ ਰੱਖਣ ਦੇ ਮੱਦੇਨਜ਼ਰ ਅੱਜ ਸ਼ਾਂਤੀ ਮਾਰਚ ਕੱਢਿਆ ਗਿਆ। ਸਮੂਹ ਭਾਈਚਾਰੇ ਦੇ ਆਗੂਆਂ ਭਾਈ ਅਬਰਿੰਦਰ ਸਿੰਘ ਕੰਗ, ਸੁਧੀਰ ਅਗਰਵਾਲ, ਅਸ਼ੋਕ ਚਕਰਵਰਤੀ, ਇਸਲਾਮ ਅਲੀ, ਸ਼ਾਂਤੀ ਸਪਰਾ, ਭੁਪਿੰਦਰ ਸਿੰਘ ਗੋਲੂ, ਨਰਿੰਦਰ ਸੋਨੀ, ਪੰਡਿਤ ਨਰੇਸ਼ ਸ਼ਰਮਾ ਅਤੇ ਕ੍ਰਿਸ਼ਨ ਕੁਮਾਰ ਸਮੇਤ ਹੋਰਨਾਂ ਦੇ ਸਾਂਝੇ ਉਪਰਾਲੇ ਨਾਲ ਇਥੋਂ ਦੇ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟਾਊਨ ਤੋਂ ਸ੍ਰੀ ਦੁਰਗਾ ਮੰਦਰ ਤੱਕ ਸਮਾਜਿਕ ਸਦਭਾਵਨਾ ਸ਼ਾਂਤੀ ਮਾਰਚ ਕੱਢਿਆ ਗਿਆ। ਇਸ ਮੌਕੇ ਸਮੂਹ ਭਾਈਚਾਰੇ ਦੇ ਆਗੂਆਂ ਨੇ ਆਖਿਆ ਕਿ ਦੁਨੀਆਂ ਦੇ ਕੋਈ ਵੀ ਤਾਕਤ ਉਨ੍ਹਾਂ ਦੀ ਭਾਈਚਾਰਕ ਸਾਂਝ ਨੂੰ ਨਹੀਂ ਤੋੜ ਸਕਦੀ। ਇਹ ਸਮਾਜਿਕ ਸਦਭਾਵਨਾ ਸ਼ਾਂਤੀ ਮਾਰਚ ਸ਼ਾਮ ਵੇਲੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਟਾਊਨ ਤੋਂ ਭਾਈਚਾਰਕ ਸਾਂਝ ਅਤੇ ਸੁੱਖ ਸ਼ਾਂਤੀ ਲਈ ਅਰਦਾਸ ਕਰਕੇ ਆਰੰਭ ਕੀਤਾ ਗਿਆ। ਜਿਹੜਾ ਕਿ ਲੋਕਾਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੁਨੇਹਾ ਦਿੰਦੇ ਹੋਏ ਟਾਊਨ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਸ੍ਰੀ ਦੁਰਗਾ ਮੰਦਰ ਵਿੱਚ ਸਮਾਪਤ ਹੋ ਗਿਆ।