ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਸਤੰਬਰ
ਇਥੇ ਸਾਲ 2006 ਵਿੱਚ ਬਣੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਪਿੰਡ ਸਿੱਧੂਵਾਲ ਦੇ ਹੁਣ ਤੱਕ ਸਿਰਫ਼ ਦੋ ਬੱਚਿਆਂ ਨੇ ਹੀ ਦਾਖਲਾ ਲਿਆ ਹੈ, ਜਦ ਕਿ ਜ਼ਮੀਨ ਦੇਣ ਬਦਲੇ ਹਰ ਸਾਲ ਇਕ ਸੀਟ ਸਿੱਧੂਵਾਲ ਲਈ ਰਾਖਵੀਂ ਰੱਖੀ ਗਈ ਸੀ। ਪਿੰਡ ਵਿਚੋਂ ਕਿਸੇ ਬੱਚੇ ਨੇ ਰਾਖਵੀਂ ਸੀਟ ’ਤੇ ਆਪਣਾ ਦਾਅਵਾ ਨਹੀਂ ਕੀਤਾ। ਜੋ ਬੱਚੇ ਪਿੰਡ ਦੀ ਰਾਖਵੀਂ ਸੀਟ ’ਤੇ ਯੂਨੀਵਰਸਿਟੀ ਵਿਚ ਦਾਖਲ ਹੋਏ, ਉਹ ਬੱਚੇ ਪਿੰਡ ਦੇ ਮੂਲ ਨਿਵਾਸੀ ਨਹੀਂ ਸਨ ਪਰ ਉਨ੍ਹਾਂ ਦੇ ਮਾਪਿਆਂ ਨੇ ਪਿੰਡ ਸਿੱਧੂਵਾਲ ਦੀ ਜ਼ਮੀਨ ਵਿਚ ਆਪਣੀ ਰਿਹਾਇਸ਼ ਦੇ ਸਬੂਤ ਪੇਸ਼ ਕੀਤੇ ਸਨ ਤੇ ਕਿਸੇ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਦੇ ਲੋਕ ਇਕ ਸੀਟ ਲਈ ਵੀ ਲੜ ਰਹੇ ਹਨ ਪਰ ਦੁਖਾਂਤ ਇਹ ਹੈ ਕਿ 2006 ਤੋਂ 2021 ਤੱਕ ਪਿੰਡ ਦੇ ਮੂਲ ਨਿਵਾਸੀ ਸਿਰਫ਼ ਦੋ ਬੱਚਿਆਂ ਨੇ ਹੀ ਇਸ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਸਾਲ 2008, 2009 ਵਿਚ ਰਾਖਵੀਆਂ ਸੀਟਾਂ ਖ਼ਾਲੀ ਹੀ ਰਹੀਆਂ, ਜਿਸ ਕਾਰਨ ਯੂਨੀਵਰਸਿਟੀ ਨੇ ਇਹ ਸੀਟਾਂ ਜਨਰਲ ਵਰਗ ਵਿਚ ਭਰ ਦਿੱਤੀਆਂ।
2010 ਵਿਚ ਰੋਲ ਨੰਬਰ 10551 ਰਾਹੀਂ ਬਰੀਨ ਪ੍ਰਤਾਪ ਸਿੰਘ ਨੇ ਦਾਖਲਾ ਲਿਆ, ਪਰ ਇਹ ਪਿੰਡ ਦਾ ਮੂਲ ਨਿਵਾਸੀ ਨਹੀਂ ਸੀ। ਇਸੇ ਤਰ੍ਹਾਂ 2011-21 ਵਿਚ ਪਿੰਡ ਦੀਆਂ ਸੀਟਾਂ ਖ਼ਾਲੀ ਰਹਿਣ ਕਰਕੇ ਯੂਨੀਵਰਸਿਟੀ ਨੇ ਜਨਰਲ ਵਿਚ ਭਰੀਆਂ। ਸਾਲ 2013 ਵਿਚ ਰੋਲ ਨੰਬਰ 131116 ਤਹਿਤ ਮੋਹਿਤ ਸ਼ੁਕਲਾ ਨੇ ਦਾਖਲਾ ਲਿਆ। ਉਹ ਵੀ ਪਿੰਡ ਦਾ ਵਸਨੀਕ ਨਹੀਂ ਸੀ।
ਸਾਲ 2014 ਵਿਚ ਰੋਲ ਨੰਬਰ 14111 ਤਹਿਤ ਹਰਦਮ ਸਿੰਘ ਨੇ ਦਾਖਲਾ ਲਿਆ, ਉਹ ਵੀ ਪਿੰਡ ਦਾ ਮੂਲ ਨਿਵਾਸੀ ਨਹੀਂ ਸੀ। ਸਾਲ 2015 ਵਿਚ ਮੁੜ ਸੀਟ ਖ਼ਾਲੀ ਰਹੀ। ਉਸ ਤੋਂ ਬਾਅਦ 2016 ਵਿਚ ਉਤਕਰਸ਼ ਤ੍ਰਿਪਾਠੀ ਨੇ 2017 ਵਿਚ ਦੀਪ ਕੰਵਲ ਥਿੰਦ, 2018 ਵਿਚ ਸਨਮ ਵੀਰ ਸਿੰਘ ਗਰੇਵਾਲ ਨੇ ਦਾਖਲੇ ਲਏ। ਇਸ ਸਾਰੇ ਵੀ ਪਿੰਡ ਦੇ ਮੂਲ ਨਿਵਾਸੀ ਨਹੀਂ ਸਨ। ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਬੇਸ਼ੱਕ ਪਿੰਡ ਦੇ ਮੂਲ ਨਿਵਾਸੀ ਨਹੀਂ ਸਨ ਪਰ ਇਨ੍ਹਾਂ ਨੇ ਰਿਹਾਇਸ਼ ਦੇ ਸਬੂਤ ਪਿੰਡ ਵਿਚ ਬਣਾਏ ਸਨ। ਸਾਲ 2019 ਵਿਚ ਪ੍ਰਭਜੋਤ ਸਿੰਘ ਅਤੇ 2020 ਵਿਚ ਦਲਵਿੰਦਰ ਸਿੰਘ ਨੇ ਰਾਖਵੀਂ ਸੀਟ ’ਤੇ ਦਾਖਲਾ ਲਿਆ। ਉਹ ਪਿੰਡ ਦੇ ਮੂਲ ਨਿਵਾਸੀ ਸਨ।
ਸਿੱਧੂਵਾਲ ਵਾਸੀਆਂ ਨੇ ਧਰਨਾ ਚੁੱਕਿਆ
ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਪਿੰਡ ਲਈ ਇਹ ਦੁੱਖ ਦੀ ਗੱਲ ਹੈ ਕਿ ਮੂਲ ਨਿਵਾਸੀਆਂ ਨੇ ਲਾਅ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ ਰਾਖਵੀਂ ਸੀਟ ’ਤੇ ਦਾਅਵਾ ਹੀ ਨਹੀਂ ਕੀਤਾ। ਇਸ ਦਾ ਲਾਹਾ ਪਿੰਡ ਦੀ ਜ਼ਮੀਨ ’ਤੇ ਰਿਹਾਇਸ਼ ਕਰਨ ਵਾਲਿਆਂ ਨੇ ਹੀ ਲਿਆ। ਪਰ ਹੁਣ ਲੋਕ ਜਾਗਰੂਕ ਹੋ ਗਏ ਹਨ। ਦੋ ਬੱਚਿਆਂ ਨੂੰ ਅਸੀਂ ਦਾਖਲਾ ਦਿਵਾਉਣ ਵਿਚ ਕਾਮਯਾਬ ਹੋਏ ਹਾਂ ਤੇ ਤੀਜੇ ਲਈ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਦੋ ਉਮੀਦਵਾਰ ਨਿਰਧਾਰਤ ਲੋੜੀਂਦੇ ਦਸਤਾਵੇਜ਼ ਨਾ ਦਿਖਾ ਸਕੇ ਤਾਂ ਦਾਖਲਾ ਉਨ੍ਹਾਂ ਦੇ ਪਿੰਡ ਵਾਸੀ ਲਵਪ੍ਰੀਤ ਕੌਰ ਨੂੰ ਦੇ ਦਿੱਤਾ ਜਾਵੇਗਾ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ।