ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜੂਨ
ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠ ਕੀਤੀ ਗਈ ਇੱਕ ਕਾਰਵਾਈ ਦੌਰਾਨ ਇੱਕ ਕੈਂਟਰ ਵਿੱਚੋਂ ਤਿੰਨ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਮੱਧ ਪ੍ਰਦੇਸ਼ ਤੋਂ ਲਿਆਂਦੀ ਇਹ ਭੁੱਕੀ ਮੁਲਜ਼ਮ ਨੇ ਕੈਂਟਰ ਵਿੱਚ ਭਰੇ ਪਿਆਜ਼ਾਂ ਦੇ ਹੇਠ ਛੁਪਾਈ ਹੋਈ ਸੀ।
ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਵਾਸੀ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ ਜਿਸ ਖ਼ਿਲਾਫ਼ ਥਾਣਾ ਅਰਬਨ ਅਸਟੇਟ ਵਿੱਚ 15, 6, 1 ਤੇ 85 ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਦੋਂ ਇੰਸਪੈਕਟਰ ਹੈਰੀ ਬੋਪਾਰਾਏ ਦੀ ਨਿਗਰਾਨੀ ਹੇਠਾਂ ਸਹਾਇਕ ਥਾਣੇਦਾਰ ਇਕਬਾਲ ਸਿੰਘ ਤੇ ਪੁਲੀਸ ਟੀਮ ਇੱਥੇ ਸਾਧੂ ਬੇਲਾ ਰੋਡ ’ਤੇ ਮੌਜੂਦ ਸੀ ਤਾਂ ਸ਼ੱਕ ਦੇ ਆਧਾਰ ’ਤੇ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ ਦੇ ਕੈਬਿਨ ਵਿੱਚੋਂ 49 ਕਿਲੋ ਭੁੱਕੀ ਬਰਾਮਦ ਹੋਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਇਸੇ ਟਰੱਕ ਵਿੱਚ ਲੱਦੇ ਪਿਆਜ਼ਾਂ ਹੇਠੋਂ 2 ਕੁਇੰਟਲ 51 ਕਿਲੋ ਹੋਰ ਭੁੱੱਕੀ ਬਰਾਮਦ ਹੋਈ। ਇੰਸਪੈਕਟਰ ਹੈਰੀ ਬੋਪਾਰਾਏ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਭੁੱਕੀ ਉਹ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਇਆ ਸੀ।