ਪੱਤਰ ਪ੍ਰੇਰਕ
ਪਟਿਆਲਾ, 15 ਅਕਤੂਬਰ
ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਦਿਹਾੜੀਦਾਰ ਕਾਮਿਆਂ ਦੀ ਹੰਗਾਮੀ ਮੀਟਿੰਗ ਜਗਮੋਹਨ ਸਿੰਘ ਨੌਲੱਖਾ ਦੀ ਪ੍ਰਧਾਨਗੀ ਹੇਠ ਹੋਈ, ਜੋ ਰੈਲੀ ਦਾ ਰੂਪ ਧਾਰ ਗਈ। ਕਾਮਿਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਿਰੁੱਧ ਹੁਣ ਜੰਗਲਾਤ ਕਾਮੇ ਆਰ-ਪਾਰ ਦੀ ਲੜਾਈ ਲੜਨਗੇ। ਪ੍ਰਧਾਨ ਜਗਮੋਹਨ ਨੇ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਦਿਹਾੜੀਦਾਰ, ਪਾਰਟ ਟਾਈਮ, ਆਊਟਸੋਰਸ, ਵਰਕਚਾਰਜ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇਣ ਆਦਿ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ। ਮੀਟਿੰਗ ਵਿੱਚ ਆਗੂਆਂ ਨੇ ਫ਼ੈਸਲਾ ਕੀਤਾ ਕਿ ਮੁਲਾਜ਼ਮ 18 ਅਕਤੂਬਰ ਨੂੰ ਇਕੱਠੇ ਹੋ ਕੇ ਕਾਲੇ ਚੋਗੇ ਪਾ ਕੇ ਪੈਦਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਯਾਦ-ਪੱਤਰ 18 ਅਕਤੂਬਰ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ 25 ਅਕਤੂਬਰ ਤੱਕ ਜੰਗਲਾਤ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਦੀਵਾਲੀ ਤਿਉਹਾਰ ਸਮੇਂ ਜੇਕਰ ਵਰਕਰਾਂ ਨੂੰ ਤਨਖ਼ਾਹ ਨਹੀਂ ਮਿਲਦੀਆਂ ਤਾਂ ਕਾਲੀ ਦੀਵਾਲੀ ਮਨਾਈ ਜਾਵੇਗੀ।