ਰਾਜਪੁਰਾ: ਪੰਜਾਬ ਸਰਕਾਰ ਵੱਲੋਂ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਦੇ ਹੁਕਮ ਵਾਪਸ ਲੈਣ ਮਗਰੋਂ ਇੱਥੇ ਸੈਂਕੜੇ ਟੈਂਪੂ, ਛੋਟਾ ਹਾਥੀ, ਮਹਿੰਦਰਾ ਪਿਕਅਪ, ਜੀਪਾਂ ਤੇ ਕੈਂਟਰ ਸਮੇਤ ਹੋਰ ਛੋਟੇ ਵਾਹਨ ਚਾਲਕਾਂ ਵੱਲੋਂ ਯੂਨੀਅਨ ਆਗੂਆਂ ਸੰਜੀਵ ਕੁਮਾਰ, ਅਜੀਤ ਸਿੰਘ ਮੁਝਾਲ ਅਤੇ ਬਚਿੱਤਰ ਸਿੰਘ ਸਮੇਤ ਹੋਰਨਾਂ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਰੁਪਏ ਸਾਲਾਨਾ ਟੈਕਸ ਭਰਨ ਦੇ ਬਾਵਜੂਦ ਉਹ ਵਿਹਲੇ ਰਹਿਣ ਲਈ ਮਜਬੂਰ ਹਨ ਅਤੇ ਗੈਰਕਾਨੂੰਨੀ ਭਾੜੇ ਦੀ ਢੋਆ-ਢੋਆਈ ਕਰ ਕੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਵਾਲੇ ਮੌਜਾਂ ਮਾਣਦਿਆਂ ਲੋਕਾਂ ਦੀ ਜਾਨ ਜ਼ੋਖ਼ਮ ਵਿੱਚ ਪਾ ਰਹੇ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਮੁਕੰਮਲ ਪਾਬੰਦੀ ਲਾਈ ਜਾਵੇ ਜਾਂ ਫਿਰ ਛੋਟੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਟੈਕਸਾਂ ਤੋਂ ਛੋਟ ਦਿੱਤੀ ਜਾਵੇ। – ਪੱਤਰ ਪ੍ਰੇਰਕ