ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਪਰੈਲ
ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਦੇ ਕੀਤੇ ਜਾ ਰਹੇ ਪੁਨਰਗਠਨ ਦੌਰਾਨ ਸਵਾ ਲੱਖ ਅਸਾਮੀਆਂ ਖ਼ਤਮ ਕਰਨ ਦੇ ਦੋਸ਼ ਲਾਉਂਦਿਆਂ, ਚੌਥਾ ਦਰਜਾ ਮੁਲਾਜ਼ਮਾਂ ਵੱਲੋਂ 15 ਅਤੇ 16 ਅਪਰੈਲ ਨੂੰ ਚੌਵੀ ਘੰਟਿਆਂ ਲਈ ਭੁੱਖ ਹੜਤਾਲ਼ ਕਰਨ ਦਾ ਫੈਸਲਾ ਲਿਆ ਗਿਆ। ਇਹ ਫੈਸਲਾ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੀ ਇਥੇ ਜਲ ਸਰੋਤ ਵਿਭਾਗ ਦੇ ਦਫਤਰ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ। ਇਸ ਦੌਰਾਨ ਸਰਕਾਰ ਖਿਲਾਫ਼ ਨਾਅੇਬਾਜ਼ੀ ਕੀਤੀ ਗਈ। ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਜਲ ਸਰੋਤ ਵਿਭਾਗ ਇੱਕ ਅਜਿਹਾ ਵਿਭਾਗ ਹੈ, ਜੋ ਰਾਜ ਦੀਆਂ ਨਹਿਰਾਂ ਦਾ ਨੈਟਵਰਕ ਸਭਾਲੀਂ ਬੈਠਾ ਹੈ। ਵਿਭਾਗ ਦਾ ਚੌਥਾ ਦਰਜਾ ਕਰਮਚਾਰੀ ਨਹਿਰਾਂ ਦੇ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਅਤੇ ਪੀਣ ਲਈ ਘਰਾਂ ਤੱਕ ਲੈ ਕੇ ਜਾਣ ਸਮੇਤ ਨਹਿਰਾਂ ਦੇ ਮੇਨ ਹੈਡਾਂ, ਰੈਗੂਲੇਸ਼ਨ ਪੁਆਇੰਟਾਂ, ਡੈਮਾਂ ਦੇ ਹੈੱਡਾਂ, ਨਹਿਰੀ ਗੇਟਾਂ ਸਮੇਤ ਨਹਿਰਾਂ ਦੀ ਦਿਨ ਰਾਤ ਰਖਵਾਲੀ ਵੀ ਕਰਦਾ ਹੈ ਪਰ ਅਜਿਹੀਆਂ ਸੇਵਾਵਾਂ ਨਿਭਾਉਣ ਵਾਲ਼ੇ ਬੇਲਦਾਰ, ਗੇਜ਼ ਰੀਡਰ, ਮੇਟ, ਸੇਵਾਦਾਰ ਅਤੇ ਮਾਲੀ ਆਦਿ ਵਰਗਾਂ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਅਸਾਮੀਆਂ ਖ਼ਤਮ ਕਰਨ ਦੀ ਇਸ ਸ਼ਿਫਾਰਸ਼ ਨੇ ਮੰਤਰੀ ਪ੍ਰੀਸ਼ਦ ਨੇ ਅੱਖਾਂ ਮੀਟ ਕੇ ਪ੍ਰਵਾਨ ਕਰਨ ਨਾਲ, ਪੰਜਾਬ ਦੇ ਨਹਿਰੀ ਨੈਟਵਰਕ ਦਾ ਘਾਣ ਹੋ ਗਿਆ ਹੈ। ਇਸ ਤਰ੍ਹਾਂ ਪੰਜਾਬ ਲੋਕ ਨਿਰਮਾਣ (ਇਮਾਰਤਾ ਤੇ ਸੜਕਾਂ) ਵਿਭਾਗ ਦੀ ਅਫਸਰਸ਼ਾਹੀ ਨੇ ਆਪਣੀਆਂ ਉਪਰਲੀਆਂ ਅਸਾਮੀਆਂ ਵਧਾਉਣ ਖਾਤਰ ਚੌਥਾ ਦਰਜਾ ਅਤੇ ਟੈਕਨੀਕਲ ਕਰਮਚਾਰੀਆਂ ਦੀਆਂ ਸੱਤ ਹਜ਼ਾਰ ਅਸਾਮੀਆਂ ਦੀ ਬਲੀ ਦੇ ਦਿੱਤੀ ਹੈ। ਦੋ ਦਰਜਨ ਵਿਭਾਗਾਂ ਦੇ ਕੀਤੇ ਪੁਨਰਗਠਨ ਨਾਲ ਖਤਮ ਅਸਾਮੀਆਂ ਖ਼ਤਮ ਕਰਨ ਦੀ ਕਾਰਵਾਈ ਨੇ ਸਰਕਾਰ ਦੇ ਘਰ ਘਰ ਨੌਕਰੀਆਂ ਦੇਣ ਦੇ ਵਾਅਦਿਆਂ ਦੀ ਫੂਕ ਕੱਢ ਦਿੱਤੀ ਹੈ। ਇਸ ਦੌਰਾਨਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਸੂਰਜਪਾਲ ਯਾਦਵ, ਪ੍ਰੀਤਮ ਚੰਦ, ਗੁਰਦਰਸ਼ਨ ਸਿੰਘ, ਰਾਮ ਕਿਸ਼ਨ, ਮਾਧੋ ਲਾਲ, ਅਮਰਨਾਥ ਨਰੜੂ ਅਤੇ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਸਰਕਾਰ ਨੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਰੈਗੂਲਰ ਅਸਾਮੀਆਂ ਦਾ ਭੋਗ ਪਾ ਕੇ ਹੁਣ, ਮਲਟੀਟਾਸਕ ਸਟਾਫ (ਆਊਟ ਸੋਰਸ) ’ਤੇ ਰੱਖਣ ਦੀਆਂ ਹਦਾਇਤਾਂ ਕੀਤੀਆਂ ਹਨ।