ਹਰਦੀਪ ਸਿੰਘ ਭੰਗੂ
ਭਾਦਸੋਂ, 9 ਸਤੰਬਰ
ਪਿੰਡ ਰਾਇਮਲ ਮਾਜਰੀ ਵਿੱਚ 30 ਅਗਸਤ ਦੀ ਸ਼ਾਮ ਨੂੰ ਕੁੱਟਮਾਰ ਕਰਨ ਦੇ ਕਥਿਤ ਫਰਜ਼ੀ ਮਾਮਲੇ ਵਿੱਚ ਪੱਤਰਕਾਰ ਗੁਰਦੀਪ ਸਿੰਘ ਤੇ ਉਸ ਦੇ 16 ਸਾਲਾਂ ਦੇ ਪੁੱਤਰ ਪੁਸ਼ਪਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਫਸਾਉਣ ਖ਼ਿਲਾਫ਼ ਪੱਤਰਕਾਰ ਭਾਈਚਾਰੇ ਦੇ ਸੱਦੇ ’ਤੇ ਸਮਾਜਿਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਤੇ ਰਾਜਨੀਤਕ ਪਾਰਟੀਆਂ ਨੇ ਥਾਣਾ ਭਾਦਸੋਂ ਦੇ ਮੁੱਖ ਗੇਟ ਅੱਗੇ ਧਰਨਾ ਦੇ ਕੇ ਥਾਣੇ ਦਾ ਘਿਰਾਓ ਕੀਤਾ ਗਿਆ ।
ਪੀੜਤ ਗੁਰਦੀਪ ਸਿੰਘ ਅਨੁਸਾਰ ਪਿੰਡ ਦੇ ਇਕ ਧਾਰਮਿਕ ਅਸਥਾਨ ਦੇ ਮਾਮਲੇ ’ਚ ਉਸ ਸਮੇਤ ਕਈ ਪਿੰਡ ਵਾਲਿਆਂ ਵੱਲੋਂ ਕੀਤੀ ਸ਼ਿਕਾਇਤ ’ਤੇ ਸਬ-ਡਿਵੀਜ਼ਨ ਨਾਭਾ ਪ੍ਰਸ਼ਾਸਨ ਨੇ ਬਹੁਤ ਸਾਲਾਂ ਤੋਂ ਧਾਰਮਿਕ ਅਸਥਾਨ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ। ਸੱਤਾਧਾਰੀ ਪਾਰਟੀ ਵੱਲੋਂ ਭਾਦਸੋਂ ਪੁਲੀਸ ਦੇ ਕੁਝ ਮੁਲਾਜ਼ਮਾਂ ਰਾਹੀਂ ਉਸ ’ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਸ਼ਿਕਾਇਤ ਵਾਪਸ ਨਾ ਲੈਣ ’ਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ । ਇਸ ਦੌਰਾਨ ਗੁਰਦੀਪ ਸਿੰਘ ਨੂੰ ਪਹਿਲੀ ਸਤੰਬਰ ਨੂੰ ਪਤਾ ਲੱਗਾ ਕਿ ਖੁਦ ਉਸ ਦੇ ਖ਼ਿਲਾਫ਼ ਅਤੇ ਉਸ ਦੇ ਪੁੱਤਰ ਪੁਸ਼ਪਿੰਦਰ ਸਿੰਘ ਉਪਰ ਕੁੱਟਮਾਰ ਕੀਤੇ ਜਾਣ ਦਾ ਪਰਚਾ ਥਾਣਾ ਭਾਦਸੋਂ ਵਿੱਚ ਦਰਜ ਹੋ ਚੁੱਕਾ ਹੈ ਜਦੋਂ ਕਿ ਪਰਚੇ ’ਚ ਨਾਮਜ਼ਦ ਦੋਵਾਂ ਪਿਓ ਪੁੱਤਾਂ ਨੂੰ ਕੁੱਟਮਾਰ ਦੀ ਘਟਨਾ ਬਾਰੇ ਪਤਾ ਤੱਕ ਨਹੀਂ ਹੈ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਥਾਣਾ ਮੁਖੀ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ
ਥਾਣਾ ਭਾਦਸੋਂ ਦੇ ਐੱਸਐੱਚਓ ਅਨਵਰ ਅਲੀ ਨੇ ਸਮੂਹ ਪਤਵੰਤਿਆਂ ਅੱਗੇ ਐਲਾਨ ਕੀਤਾ ਕਿ ਉਹ ਇਕ ਮਹੀਨੇ ਦੇ ਅੰਦਰ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲੀਸ ਕਰਮਚਾਰੀਆਂ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਉਦੋਂ ਤੱਕ ਮਾਮਲੇ ਨਾਲ ਸਬੰਧਤ ਕਰਮਚਾਰੀਆਂ ਨੂੰ ਪੁਲੀਸ ਲਾਈਨ ਭੇਜਿਆ ਜਾਵੇਗਾ।