ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਸਤੰਬਰ
ਅੱਜ ਇੱਥੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਸਥਾਨਕ ਪੁਲੀਸ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪਿੰਡ ਸਿੱਧੂਵਾਲ ਦੇ ਲੋਕਾਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਉੱਥੇ ਪੱਕਾ ਧਰਨਾ ਲਾ ਦਿੱਤਾ। ਪਿੰਡ ਦੇ ਵਿਦਿਆਰਥੀ ਨੂੰ ਦਾਖ਼ਲਾ ਨਾ ਦੇ ਕੇ ਕਿਸੇ ਹੋਰ ਸਥਾਨ ਦੇ ਵਿਦਿਆਰਥੀ ਨੂੰ ਦਾਖ਼ਲਾ ਦੇਣ ਕਾਰਨ ਵਿਵਾਦ ਭਖਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਸਿੱਧੂਵਾਲ ਦੀ 50 ਏਕੜ ਜ਼ਮੀਨ ਵਿਚ ਨੈਸ਼ਨਲ ਲਾਅ ਯੂਨੀਵਰਸਿਟੀ ਬਣੀ ਹੈ ਅਤੇ ਸ਼ਾਮਲਾਤ ਜ਼ਮੀਨ ਦੇਣ ਸਮੇਂ ਪਿੰਡ ਵਾਲਿਆਂ ਨੇ ਲਿਖਤੀ ਸਮਝੌਤਾ ਕੀਤਾ ਸੀ ਕਿ ਪਿੰਡ ਦੇ ਮੂਲ ਨਿਵਾਸੀ ਨੂੰ ਲਾਅ ਦੇ ਦਾਖ਼ਲ ਦੌਰਾਨ ਇਕ ਸੀਟ ਹਰ ਸਾਲ ਦਿੱਤੀ ਜਾਵੇਗੀ। ਪਰ ਇਸ ਸਾਲ ਤਿੰਨ ਵਿਦਿਆਰਥੀਆਂ ਪਰਥ ਗੁਪਤਾ ਪੁੱਤਰ ਆੜ੍ਹਤੀਆ ਧੀਰਜ ਗੁਪਤਾ, ਅਸ਼ਨੀਤ ਸਿੰਘ ਪੁੱਤਰ ਦਲਬੀਰ ਸਿੰਘ ਡੀਐੱਸਪੀ ਅਤੇ ਦਿਲਪ੍ਰੀਤ ਕੌਰ ਪੁੱਤਰੀ ਪਿੰਡ ਦਾ ਕਿਸਾਨ ਸੁਰਿੰਦਰ ਸਿੰਘ ਨੇ ਅਪਲਾਈ ਕਰ ਦਿੱਤਾ। ਤਿੰਨੋਂ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਹ ਪਿੰਡ ਦੇ ਵਸਨੀਕ ਹਨ। ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਡੀਐੱਸਪੀ ਦਲਬੀਰ ਸਿੰਘ ਪਟਿਆਲਾ ਦੀ ਗਰਿੱਡ ਕਾਲੋਨੀ ਦਾ ਰਹਿਣਾ ਵਾਲਾ ਹੈ ਜਿਸ ਦੀ ਰਿਹਾਇਸ਼ ਸਿੱਧੂਵਾਲ ਦੀ ਜ਼ਮੀਨ ਵਿਚ ਹੈ। ਇਸੇ ਤਰ੍ਹਾਂ ਧੀਰਜ ਗੁਪਤਾ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 18 ਦਾ ਰਹਿਣ ਵਾਲਾ ਹੈ ਜੋ ਬਹੁਤ ਪਹਿਲਾਂ ਪਿੰਡ ਵਿਚ ਰਹਿੰਦਾ ਸੀ ਜਦਕਿ ਕਿਸਾਨ ਸੁਰਿੰਦਰ ਸਿੰਘ ਪਿੰਡ ਦਾ ਮੂਲ ਨਿਵਾਸੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਤਿੰਨੋਂ ਉਮੀਦਵਾਰਾਂ ਦੀ ਪੜਤਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੋਲੋਂ ਕਰਵਾਈ ਜਿਸ ਦੀ ਰਿਪੋਰਟ ਆ ਗਈ ਹੈ ਪਰ ਯੂਨੀਵਰਸਿਟੀ ਅਧਿਕਾਰੀ ਉਸ ’ਤੇ ਕੋਈ ਫ਼ੈਸਲਾ ਨਹੀਂ ਕਰ ਪਾ ਰਹੇ ਹਨ। ਦਿਲਪ੍ਰੀਤ ਕੌਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ ਪਰ ਯੂਨੀਵਰਸਿਟੀ ਅਧਿਕਾਰੀ ਟਾਲ ਮਟੋਲ ਕਰ ਰਹੇ ਹਨ। ਲੋਕਾਂ ਨੇ ਇਸ ਦੇ ਵਿਰੋਧ ’ਚ ਅੱਜ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਜਾਮ ਲਾ ਦਿੱਤਾ। ਇਸ ਵੇਲੇ ਜਰਨੈਲ ਸਿੰਘ, ਸਤਨਾਮ ਸਿੰਘ ਪਟਵਾਰੀ, ਸ਼ੇਰ ਸਿੰਘ, ਸ਼ਮਸ਼ੇਰ ਸਿੰਘ, ਭਗਵਾਨ ਸਿੰਘ, ਮਨਦੀਪ, ਮਨਜੀਤ ਸਿੰਘ, ਨਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਨੈਸ਼ਨਲ ਲਾਅ ਯੂਨੀਵਰਸਿਟੀ ਦੇ ਐੱਫਓ ਨੀਰਜ ਪਸਰੀਚਾ ਨੇ ਕਿਹਾ ਕਿ ਪੜਤਾਲ ਚੱਲ ਰਹੀ ਹੈ ਅਤੇ ਜਿਸ ਦੇ ਕਾਗ਼ਜ਼ਾਤ ਸਹੀ ਹੋਏ ਉਸ ਨੂੰ ਸੀਟ ਮਿਲ ਜਾਵੇਗੀ।
ਡੀਐੱਸਪੀ ਦੇ ਪੁੱਤਰ ’ਤੇ ਬਦਤਮੀਜ਼ੀ ਕਰਨ ਦਾ ਦੋਸ਼
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਡੀਐੱਸਪੀ ਦੇ ਪੁੱਤਰ ਨੇ ਉਨ੍ਹਾਂ ਕੋਲ ਆ ਕੇ ਬਦਤਮੀਜ਼ੀ ਕੀਤੀ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬੋਲਾਂ ਤੋਂ ਸਪੱਸ਼ਟ ਹੈ ਕਿ ਡੀਐੱਸਪੀ ਆਪਣੇ ਅਹੁਦੇ ਦੀ ਧੌਂਸ ਦਿਖਾ ਕੇ ਸੀਟ ਹਾਸਲ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਡੀਐੱਸਪੀ ਨੇ ਇਹ ਦੋਸ਼ ਨਕਾਰਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।
ਦੂਜੇ ਸੂਬਿਆਂ ਤੋਂ ਆਏ ਲੋਕ ਹੋਏ ਖੱਜਲ ਖ਼ੁਆਰ
ਪਿੰਡ ਵਾਸੀਆਂ ਵੱਲੋਂ ਗੇਟ ਬੰਦ ਕੀਤੇ ਜਾਣ ਕਰਕੇ ਦੂਰੋਂ ਆਏ ਲੋਕ ਪ੍ਰੇਸ਼ਾਨ ਹੋਏ। ਰਾਜਸਥਾਨ ਤੋਂ ਆਇਆ ਭਾਵਿਕ ਧਰਨੇ ਕਾਰਨ ਖੁੱਜਲ ਖ਼ੁਆਰ ਹੋਇਆ। ਯੂਪੀ ਦੇ ਗੋਰਖਪੁਰ ਤੋਂ ਆਇਆ ਨਿਲੇਸ਼ ਵੀ ਇੱਥੇ ਗਰਮੀ ਵਿਚ ਬੇਹਾਲ ਸੀ। ਇਕ ਧੀ ਆਪਣੀ ਬਿਮਾਰ ਮਾਂ ਨੂੰ ਅੰਦਰ ਲੰਘ ਜਾਣ ਲਈ ਤਰਲੇ ਕਰਦੀ ਰਹੀ ਪਰ ਉਨ੍ਹਾਂ ਦੀ ਧਰਨਾਕਾਰੀਆਂ ਨੇ ਇਕ ਵੀ ਨਾ ਸੁਣੀ।