ਖੇਤਰੀ ਪ੍ਰਤੀਨਿਧ
ਪਟਿਆਲਾ, 9 ਜੂਨ
ਜਿਗਰ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਕੇਂਦਰੀ ਜੇਲ੍ਹ ਪਟਿਆਲਾ ਦੇ ਬੰਦੀ ਦੀ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਪਛਾਣ ਬਲਜੀਤ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਸੰਗਰੂਰ ਵਜੋਂ ਹੋਈ। ਉਸ ਦਾ ਕੇਸ ਅਜੇ ਅਦਾਲਤ ’ਚ ਵਿਚਾਰ ਅਧੀਨ ਹੋਣ ਕਰਕੇ ਉਹ ਜੇਲ੍ਹ ’ਚ ਹਵਾਲਾਤੀ ਵਜੋਂ ਬੰਦ ਸੀ। ਪਰ ਲੀਵਰ ਅਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਸ ਨੂੰ ਵਧੀ ਤਕਲੀਫ਼ ਕਾਰਨ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਦਾਖਲਕਰਵਾਇਆ ਗਿਆ ਸੀ ਪਰ ਵੀਰਵਾਰ ਨੂੰ ਸ਼ਾਮੀ ਚਾਰ ਕੁ ਵਜੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਸੰਪਰਕ ਕਰਨ ’ਤੇ ਰਾਜਿੰਦਰਾ ਹਸਪਤਾਲ ਵਿਚਲੀ ਪੁਲੀਸ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਨੇ ਇਸ ਬੰਦੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।