ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਗਸਤ
ਸਥਾਨਕ ਸ਼ਹਿਰ ਦੀ ਗੁਰੂ ਤੇਗ ਬਹਾਦਰ ਕਲੋਨੀ ਦੇ ਰਹਿਣ ਵਾਲੇ ਦੋ ਨੌਜਵਾਨ ਪਹਿਲਾਂ ਤੋਂ ਚੱਲੀ ਆ ਰਹੀ ਕਿਸੇ ਰੰਜਿਸ਼ ਕਾਰਨ ਅੱਜ ਇੱਥੇ ਆਪਸ ’ਚ ਉਲਝ ਗਏ ਜਿਸ ਦੌਰਾਨ ਰਵਿੰਦਰਪਾਲ ਸਿੰਘ ਨਾਮ ਦੇ ਨੌਜਵਾਨ ਨੇ ਅੰਮ੍ਰਿਤਪਾਲ ਸਿੰਘ ਨਾਮ ਦੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਅੰਮ੍ਰਿਤਪਾਲ ਸਿੰਘ ਲੱਤ ’ਚ ਲੱਗ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਦੇ ਖੇਤਰ ’ਚ ਵਾਪਰੀ। ਦੋਵਾਂ ਨੌਜਵਾਨਾਂ ਦਾ ਰਿਹਾਇਸ਼ੀ ਏਰੀਆ ਗੁਰੂ ਤੇਗ ਬਹਾਦਰ ਕਲੋਨੀ ਵੀ ਇਸੇ ਖੇਤਰ ’ਚ ਪੈਂਦੀ ਹੈ।
ਇਸ ਘਟਨਾ ਦਾ ਪਤਾ ਲੱਗਣ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠਾਂ ਤੁਰੰਤ ਪੁਲੀਸ ਘਟਨਾ ਸਥਾਨ ’ਤੇ ਅੱਪੜੀ। ਇਸ ਮਗਰੋਂ ਇਲਾਕੇ ਦੇ ਡੀਐੱਸਪੀ ਸਿਟੀ 1 ਸੰਜੀਵ ਸਿੰਗਲਾ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਸੰਪਰਕ ਕਰਨ ’ਤੇ ਐਸਪੀ ਸਿਟੀ ਸ੍ਰੀ ਖਹਿਰਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਜ਼ਖ਼ਮੀ ਹੋਏ ਨੌਜਵਾਨ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।