‘ਔਰਤਾਂ ਦੀ ਸੁਰੱਖਿਆ’ ਵਿਸ਼ੇ ’ਤੇ ਸੈਮੀਨਾਰ
ਮਾਲੇਰਕੋਟਲਾ: ਜ਼ਿਲ੍ਹਾ ਪੁਲੀਸ ਸਾਂਝ ਕੇਂਦਰ ਨੇ ਜ਼ਿਲ੍ਹਾ ਵਿਮੈਨ ਹੈਲਥ ਕੇਅਰ ਦੇ ਸਹਿਯੋਗ ਨਾਲ ਜ਼ਿਲ੍ਹਾ ਕਮਿਊਨਿਟੀ ਪੁਲੀਸਿੰਗ ਅਫ਼ਸਰ ਕਮ ਐਸ.ਪੀ. (ਹੈੱਡਕੁਆਟਰ) ਹਰਵੰਤ ਕੌਰ ਦੀ ਅਗਵਾਈ ਹੇਠ ਸਥਾਨਕ ਇਸਲਾਮੀਆ ਗਰਲਜ਼ ਕਾਲਜ ਵਿਚ ‘ਔਰਤਾਂ ਦੀ ਸੁਰੱਖਿਆ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸ਼ਕਤੀ ਐਪ ਅਤੇ ਔਰਤਾਂ ਦੀ ਸਰੱਖਿਆ ਸਬੰਧੀ ਜਾਰੀ ਹੈਲਪਲਾਈਨ ਨੰਬਰਾਂ 112 ਅਤੇ 181 ਬਾਰੇ ਵਿਦਿਅਰਥਣਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹਰਵੰਤ ਕੌਰ ਨੇ ਕਿਹਾ ਕਿ ਔਰਤਾਂ ਅਤੇ ਲੜਕੀਆਂ ਨੂੰ ਜ਼ਰੂਰਤ ਪੈਣ ‘ਤੇ ਇਨ੍ਹਾਂ ਨੰਬਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਹਿਲਾ ਥਾਣਾ ਮੁਖੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਮਾਪਿਆਂ ਅਤੇ ਲੜਕੀਆਂ ਨੂੰ ਵਿਆਹ ਸਬੰਧੀ ਫ਼ੈਸਲਾ ਜਲਦੀ ’ਚ ਨਹੀਂ ਲੈਣਾ ਚਾਹੀਦਾ। ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਸਭਨਾਂ ਨੂੰ ਔਰਤਾਂ ਅਤੇ ਲੜਕੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਐਡਵੋਕੇਟ ਰੀਨਾ ਗੋਇਲ ਨੇ ਔਰਤਾਂ ਦੀ ਸੁਰੱਖਿਆ ਸਬੰਧੀ ਕਾਨੂੰਨੀ ਪੱਖ ਤੋਂ ਜਾਣੂ ਕਰਵਾਇਆ। -ਨਿੱਜੀ ਪੱਤਰ ਪ੍ਰੇਰਕ