ਸਰਬਜਤ ਸਿੰਘ ਭੰਗੂ
ਪਟਿਆਲਾ, 10 ਸਤੰਬਰ
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨੇ ਸ਼ਹਿਰੀ ਖੇਤਰਾਂ ਵਿੱਚ ਲਗਾਈਆਂ ਪਾਬੰਦੀਆਂ ’ਚ ਕੁਝ ਛੋਟਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਤਹਿਤ ਹੁਣ ਸ਼ਹਿਰੀ ਖੇਤਰਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਤੱਕ ਖੁੱਲ੍ਹ ਸਕਣਗੀਆਂ। ਜ਼ਿਲ੍ਹੇ ਦੇ ਸਾਰੇ ਸ਼ਹਿਰਾਂ/ਕਸਬਿਆਂ ’ਚ ਹੁਣ ਰਾਤ 9.30 ਤੋਂ ਸਵੇਰੇ 5.00 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ। ਉਨ੍ਹਾਂ ਕਿਹਾ ਹੈ ਕਿ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲਜ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ 9.00 ਵਜੇ ਤੱਕ ਖੋਲ੍ਹੇ ਜਾ ਸਕਣਗੇ। ਜਦੋਂਕਿ ਐਤਵਾਰ ਦਾ ਪੂਰਾ ਕਰਫਿਊ ਜ਼ਿਲ੍ਹੇ ਅੰਦਰਲੇ ਸਾਰੇ ਮਿਊਂਸਪਲ ਸ਼ਹਿਰਾਂ ਦੀ ਹਦੂਦ ਅੰਦਰ ਲਾਗੂ ਰਹੇਗਾ ਪਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਵੀ ਖੁੱਲ੍ਹ ਸਕਣਗੀਆਂ। ਹਸਪਤਾਲ, ਲੈਬ, ਡਾਇਗਨੋਸਟਿਕ ਸੈਂਟਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਪੂਰਾ ਹਫ਼ਤਾ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੈ।
ਇਸੇ ਤਰ੍ਹਾਂ ਧਾਰਮਿਕ ਸਥਾਨ, ਸਪੋਰਟਸ ਤੇ ਪਬਲਿਕ ਕੰਪਲੈਕਸ, ਰੈਸਟੋਰੈਂਟ (ਮਾਲਜ ਤੇ ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ) ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਰਾਤ 9 ਵਜੇ ਤੱਕ ਖੋਲ੍ਹੇ ਜਾ ਸਕਣਗੇ ਜਦੋਂਕਿ ਹੋਟਲ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ। ਜਦੋਂਕਿ ਜ਼ਰੂਰੀ ਸੇਵਾਵਾਂ, ਸਿਹਤ, ਖੇਤੀਬਾੜੀ, ਡੇਅਰੀ ਫਾਰਮ ਤੇ ਮੱਛੀ ਪਾਲਣ ਸਬੰਧੀ ਗਤੀਵਿਧੀਆਂ, ਬੈਕ, ਏ.ਟੀ.ਐਮਜ., ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨ ਲਾਈਨ ਸਿੱਖਿਆ, ਉਸਾਰੀ ਸਨਅਤ ਸਮੇਤ ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਨੂੰ ਛੋਟ ਹੋਵੇਗੀ। ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸ਼ਿਫਟਾਂ, ਰਾਸ਼ਟਰੀ ਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਤੇ ਵਸਤਾਂ ਦੀ ਆਵਾਜਾਈ, ਬੱਸਾਂ, ਰੇਲ ਗੱਡੀਆਂ ਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ ਨੂੰ ਉਤਾਰਨ ਅਤੇ ਯਾਤਰੀਆਂ, ਮਜਦੂਰਾਂ ਨੂੰ ਆਪੋ ਆਪਣੇ ਸਥਾਨਾਂ ’ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ। ਬੋਰਡਾਂ, ਯੂਨੀਵਰਸਿਟੀਆਂ ਜਾਂ ਲੋਕ ਸੇਵਾ ਕਮਿਸ਼ਨ ਜਾਂ ਕਿਸੇ ਹੋਰ ਸੰਸਥਾ ਦੇ ਦਾਖਲੇ ਜਾਂ ਹੋਰ ਸਾਰੇ ਇਮਤਿਹਾਨਾਂ ਲਈ ਵਿਦਿਆਰਥੀਆਂ ਤੇ ਸਬੰਧਤ ਵਿਅਕਤੀਆਂ ਨੂੰ ਵੀ ਛੋਟ ਹੋਵੇਗੀ। ਡੀਸੀ ਨੇ ਦੱਸਿਆ ਕਿ ਵਿਆਹਾਂ ਲਈ ਕੇਵਲ 30 ਜਣੇ ਤੇ ਅੰਤਮ ਅਰਦਾਸ/ਸ਼ਰਧਾਂਜਲੀ ਲਈ 20 ਜਣਿਆਂ ਦਾ ਇਕੱਠ ਹੀ ਹੋ ਸਕੇਗਾ। ਉੁਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਕੇਵਲ 50 ਫੀਸਦੀ ਸਟਾਫ ਨਾਲ ਖੁੱਲ੍ਹ ਸਕਣਗੇ।
ਦਫ਼ਤਰਾਂ ’ਚ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ, ਇਸ ਲਈ ਆਨ ਲਾਇਨ ਪੰਜਾਬ ਸ਼ਿਕਾਇਤ ਨਿਪਟਾਰਾ ਸਿਸਟਮ ਵੀ ਲਾਗੂ ਕਰ ਦਿੱਤਾ ਗਿਆ ਹੈ ਤਾਂ ਕਿ ਲੋਕ ਆਪਣੀਆਂ ਸ਼ਿਕਾਇਤਾਂ ਆਨ ਲਾਇਨ ਹੀ ਦਾਖਲ ਕਰਨ ਤੇ ਦਫ਼ਤਰਾਂ ’ਚ ਲੋਕਾਂ ਦੀ ਆਮਦ ਘੱਟ ਤੋਂ ਘੱਟ ਹੀ ਹੋਵੇ। ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਤੇ ਨਿੱਜੀ ਚਾਰ ਪਹੀਆ ਵਾਹਨ ਨੂੰ ਪ੍ਰਤੀ ਵਾਹਨ ਤਿੰਨ ਸਵਾਰੀਆਂ ਨਾਲ ਚਲਾਉਣ ਦੀ ਆਗਿਆ ਹੋਵੇਗੀ। ਕਿਸੇ ਵੀ ਨਿੱਜੀ ਵਾਹਨ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠਣੀਆਂ ਚਾਹੀਦੀਆਂ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਫ਼ਤ ਪ੍ਰਬੰਧਨ ਐਕਟ 2005 ਤੇ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।