ਪਟਿਆਲਾ: ‘ਤ੍ਰਿਪੜੀ ਦੀ ਮੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ’ ਵੱਲੋਂ ਪ੍ਰਧਾਨ ਚਿੰਟੂ ਨਾਸਰਾ ਦੀ ਅਗਵਾਈ ਹੇਠਾਂ ਅੱਜ ਥਾਣਾ ਤ੍ਰਿਪੜੀ ਦੇ ਦੋ ਦਿਨ ਪਹਿਲਾਂ ਹੀ ਨਵੇਂ ਆਏ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨਾਲ ਥਾਣੇ ਪਹੁੰਚ ਕੇ ਮੁਲਾਕਾਤ ਕੀਤੀ। ਨਵੇਂ ਥਾਣਾ ਮੁਖੀ ਦਾ ਭਰਵਾਂ ਸਵਾਗਤ ਕਰਦਿਆਂ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਉਂਦਿਆਂ ਇਨ੍ਹਾਂ ਦੇ ਹੱਲ ਲਈ ਸੁਝਾਅ ਵੀ ਪੇਸ਼ ਕੀਤੇ। ਦੁਕਾਨਦਾਰਾਂ ਨੇ ਜਿਥੇ ਟਰੈਫਿਕ ਦੀ ਮੁੱਖ ਸਮੱਸਿਆ ਅਤੇ ਇਸ ਤੋਂ ਨਿਜ਼ਾਤ ਲਈ ਦਲੀਲਾਂ ਪੇਸ਼ ਕੀਤੀਆਂ, ਉੱਥੇ ਹੀ ਰਾਤ ਸਮੇਂ ਕਾਰਾਂ ’ਚ ਬੈਠ ਕੇ ਸ਼ਰਾਬਾਂ ਪੀਣ ਵਾਲ਼ਿਆਂ, ਨਸ਼ੇ ’ਚ ਗਲਤਾਨ ਰਹਿਣ ਵਾਲ਼ੇ ਅਨਸਰਾਂ ਸਮੇਤ ਹੋਰ ਚੋਰ ਉਚਕਿਆਂ ਤੋਂ ਬਣੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ। -ਖੇਤਰੀ ਪ੍ਰਤੀਨਿਧ