ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 25 ਮਈ
ਦੇਸ਼ ਵਿੱਚ ਚੱਲ ਰਹੀ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪਣੇ ਆਪਣੇ ਯਤਨ ਕਰ ਰਹੀਆਂ ਹਨ ਪਰ ਵੱਖ-ਵੱਖ ਸ਼ਹਿਰਾਂ ਦੇ ਕੁਝ ਲੋਕ ਇਨ੍ਹਾਂ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ। ਇਸੇ ਤਰ੍ਹਾਂ ਹੀ ਨਜ਼ਰ ਆਇਆ ਪਟਿਆਲਾ ਜ਼ਿਲ੍ਹੇ ਦਾ ਕਸਬਾ ਦੇਵੀਗੜ੍ਹ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਬੰਦ ਰੱਖਣ ਲਈ ਵਾਰੀ ਅਨੁਸਾਰ ਲਾਈਆਂ ਪਾਬੰਦੀਆਂ ਨੂੰ ਦੁਕਾਨਦਾਰ ਟਿੱਚ ਸਮਝਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਦੇਵੀਗੜ੍ਹ ਵਿਚ ਮੰਗਲਵਾਰ ਨੂੰ ਕਸਬੇ ਦੀਆਂ ਸਾਰੀਆਂ ਦੁਕਾਨਾਂ ਸਵੇਰੇ 9 ਤੋਂ 2 ਵਜੇ ਦੁਪਹਿਰ ਤੱਕ ਖੁੱਲ੍ਹੀਆਂ ਰਹੀਆਂ। ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਗ਼ੈਰਜ਼ਰੂਰੀ ਦੁਕਾਨਾਂ ਬੰਦ ਰੱਖਣੀਆਂ ਹੁੰਦੀਆਂ ਹਨ ਪਰ ਮੰਗਲਵਾਰ ਨੂੰ ਇਸ ਕਸਬੇ ਦੀਆਂ ਤਕਰੀਬਨ 90 ਫ਼ੀਸਦੀ ਦੁਕਾਨਾਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹੀਆਂ। ਇਸ ਉਪਰੰਤ ਪੁਲੀਸ ਨੇ ਇੱਥੇ ਕਥਿਤ ਆਪਣੇ ਚਹੇਤੇ ਦੁਕਾਨਦਾਰਾਂ ਦਾ ਧਿਆਨ ਰਖਦਿਆਂ ਦੁਕਾਨਾਂ ਬੰਦ ਨਹੀਂ ਕਰਵਾਈਆਂ। ਇਹ ਵੀ ਦੇਖਣ ਵਿਚ ਆਇਆ ਕਿ ਜਦੋਂ ਪੁਲੀਸ ਬਾਜ਼ਾਰ ਵਿਚੋਂ ਗੇੜਾ ਮਾਰ ਕੇ ਅੱਗੇ ਚਲੀ ਗਈ ਤਾਂ ਕੁਝ ਦੁਕਾਨਦਾਰ ਮੁੜ ਦੁਕਾਨਾਂ ਖੋਲ੍ਹ ਲਈਆਂ। ਇਸ ਤੋਂ ਇਲਾਵਾ ਕਸਬੇ ਵਿੱਚ ਬਹੁਤ ਘੱਟ ਲੋਕ ਹੀ ਮਾਸਕ ਪਹਿਨਦੇ ਅਤੇ ਨਾ ਹੀ ਮੋਟਰਸਾਈਕਲ ਤੇ ਕਾਰ ਸਵਾਰ ਪਾਬੰਦੀਆਂ ਦਾ ਧਿਆਨ ਰੱਖਦੇ ਹਨ।
ਨਿਯਮਾਂ ਦੀ ਉਲੰਘਣਾ ’ਤੇ ਹੋਵੇਗੀ ਕਾਰਵਾਈ: ਥਾਣਾ ਮੁਖੀ
ਥਾਣਾ ਮੁਖੀ ਜੁਲਕਾਂ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲੀਸ ਟੀਮ ਭੇਜ ਕੇ ਖੁੱਲ੍ਹੀਆਂ ਗ਼ੈਰਜ਼ਰੂਰੀ ਸਾਮਾਨ ਵਾਲੀਆਂ ਦੁਕਾਨਾ ਬੰਦ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਰੋਨਾ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਕਾਰਵਾਈ ਕੀਤੀ ਜਾਵੇਗੀ।