ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਅਗਸਤ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਵਧਦੇ ਕਹਿਰ ਦੇ ਮੱਦੇਨਜ਼ਰ ਇਹਤਿਆਤ ਵਜੋਂ ਤਾਜ਼ਾ ਹਦਾਇਤਾਂ ਹੇਠ ਪਟਿਆਲ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਦੁਕਾਨਾਂ ਖੋਲ੍ਹਣ ਸਬੰਧੀ ਆਰੰਭੇ ਜਿਸਤ-ਟਾਂਕ ਫਾਰਮੂਲੇ ਖ਼ਿਲਾਫ਼ ਅੱਜ ਦੁਕਾਨਦਾਰਾਂ ’ਚ ਰੋਸ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਸ਼ਹਿਰ ’ਚ ਜਿਸਤ-ਟਾਂਕ ਫਾਰਮੂਲੇ ਹੇਠ ਵੱਖ ਵੱਖ ਵਪਾਰ ਨਾਲ ਜੁੜੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੱਖ ਵੱਖ ਦਿਨਾਂ ਦੇ ਵਾਰ ’ਚ ਖੋਲ੍ਹਣ ਦਾ ਹੁਕਮ ਦਿੱਤਾ ਹੋਇਆ ਹੈ। ਅਜਿਹੇ ’ਚ ਅਨਲੌਕ-ਤਿੰਨ ਦੇ ਅੱਜ ਪਹਿਲੇ ਦਿਨ ਜਿਸਤ-ਟਾਂਕ ਫਾਰਮੂਲੇ ਖਿਲਾਫ਼ ਸ਼ਹਿਰ ਦੇ ਉਨ੍ਹਾਂ ਦੁਕਾਨਾਦਾਰਾਂ ’ਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ ਜਿਨ੍ਹਾਂ ਦੀ ਦੁਕਾਨਾਂ ਬੰਦ ਰੱਖਣ ਦਾ ਵਾਰੀ ਸੀ। ਪੀੜਤ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਘਰ ਨਹੀਂ ਬੈਠ ਸਕਦੇ। ਉਨ੍ਹਾਂ ਜਿਸਤ-ਟਾਂਕ ਦੇ ਫ਼ੈਸਲੇ ’ਤੇ ਇਸ ਗੱਲੋਂ ਵੀ ਸਵਾਲ ਕੀਤਾ ਕਿ ਬਾਕੀ ਵੱਖ ਵੱਖ ਥਾਵਾਂ ’ਤੇ ਭੀੜ ਪਹਿਲਾਂ ਵਾਂਗ ਹੀ ਜੁੜ ਰਹੀ ਹੈ ਪਰ ਇਕੱਲੇ ਬਾਜ਼ਾਰਾਂ ’ਤੇ ਪਾਬੰਦੀ ਥੋਪ ਦਿੱਤੀ ਗਈ ਹੈ। ਬਿਜਲੀ ਤੇ ਨਿਗਮ ਦੇ ਬਿੱਲ ਬੇਰੋਕ ਆ ਰਹੇ ਹਨ।
ਦੁਕਾਨਦਾਰਾਂ ਨੇ ਆਖਿਆ ਕਿ ਉਨ੍ਹਾਂ ਪਹਿਲਾਂ ਕਰੋਨਾ ਦੇ ਇਹਤਿਆਤ ਵਜੋਂ ਢਾਈ ਮਹੀਨੇ ਦੇ ਕਰੀਬ ਸਰਕਾਰ ਤੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਪਰ ਹੁਣ ਆਰਥਿਕ ਕਮਰ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੁਕਾਨਾਂ ਬੰਦ ਕਰਵਾਉਣ ਦੇ ਫ਼ੈਸਲੇ ਤਾਂ ਝੱਟ ਲੈ ਲੈਂਦਾ ਹੈ ਪਰ ਹਾਲੇ ਤੱਕ ਕਰੋਨਾ ਦੇ ਮਾਹੌਲ ਦੌਰਾਨ ਦੁਕਾਨਦਾਰਾਂ ਨੂੰ ਕਿਸੇ ਪੱਖੋਂ ਵੀ ਆਰਥਿਕ ਮੱਦਦ ਨਹੀਂ ਦਿੱਤੀ ਗਈ। ਬੰਦ ਦੁਕਾਨਾਂ ਦੌਰਾਨ ਦੁਕਾਨਦਾਰਾਂ ਤੋਂ ਬਿਜਲੀ ਬੋਰਡ ਨੇ ਮੋਟੇ ਬਿੱਲ ਵਸੂਲੇ ਹਨ। ਸਰਕਾਰ ਨੂੰ ਚਾਹੀਦਾ ਸੀ ਕਿ ਆਰਥਿਕਤਾ ਨਾਲ ਜੂਝ ਰਹੇ ਦੁਕਾਨਦਾਰਾਂ ਦੀ ਵਿੱਤੀ ਬਾਂਹ ਫੜੀ ਜਾਂਦੀ।
ਕਾਰੋਬਾਰੀ ਤੇ ਅਕਾਲੀ ਆਗੂ ਜਸਵਿੰਦਰਪਾਲ ਸਿੰਘ ਚੱਢਾ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਨੇ ਦੁਕਾਨਦਾਰਾਂ ਹੀ ਨਹੀਂ ਸਮੁੱਚੇ ਕਾਰੋਬਾਰੀਆਂ ਪ੍ਰਤੀ ਬੇਧਿਆਨੀ ਕੀਤੀ ਹੋਈ। ਦੱਸਣਯੋਗ ਹੈ ਕਿ ਸ਼ਹਿਰ ’ਚ ਜਿਸਤ-ਟਾਂਕ ਦੀ ਵਜ੍ਹਾ ਕਰ ਕੇ ਪੁਲੀਸ ਨੇ ਕਈ ਬਾਜ਼ਾਰਾਂ ਅੰਦਰ ਅੱਜ ਕਈ ਦੁਕਾਨਾਂ ਜਬਰੀ ਬੰਦ ਕਰਵਾ ਦਿੱਤੀਆਂ।
ਤਨਖਾਹਾਂ ਜਾਰੀ ਕਰਵਾਉਣ ਲਈ ਪੱਕਾ ਮੋਰਚਾ ਜਾਰੀ
ਪਟਿਆਲਾ: ਜੰਗਲਾਤ ਕਾਮਿਆਂ ਦੀਆਂ 5 ਮਹੀਨੇ ਤੋਂ ਰੁਕੀਆਂ ਤਨਖਾਹਾਂ ਅਤੇ 22 ਵਰਕਰਾਂ ਦੀਆਂ 2017 ਤੋਂ 2018 ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਸਮੇਤ ਕੁਝ ਹੋਰ ਮੰਗਾਂ ਦੀ ਪੂਰਤੀ ਲਈ ਜੰਗਲਾਤ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਹਰਪ੍ਰੀਤ ਸਿੰਘ ਲੋਚਮਾ ਦੀ ਪ੍ਰਧਾਨਗੀ ਹੇਠ 25ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਵਣ ਮੰਡਲ ਅਫਸਰ ਵੱਲੋਂ ਮੰਗਾਂ ਲਈ ਮੀਟਿੰਗਾਂ ਦਾ ਸਮਾਂ ਦੇ ਕੇ ਅਮਲੀ ਰੂਪ ਵਿੱਚ ਨਿਪਟਾਰਾ ਕੀਤਾ ਜਾਵੇ, ਜਲਦੀ ਹੱਲ ਨਾ ਕੀਤਾ ਤਾਂ ਜਥੇਬੰਦੀ ਮੰਡਲ ਅਫਸਰ ਤੇ ਵਣ ਰੇਂਜ ਅਫਸਰ ਦੀਆਂ ਵਿਭਾਗ ਤੇ ਪੰਜਾਬ ਸਰਕਾਰ ਦੇ ਬੀਤੀ ਬਜਟ ਨੂੰ ਲਾਏ ਚੂਨੇ ਦੀ ਜਾਂਚ ਕਰਵਾਉਣ ਲਈ ਮੋਰਚਾ ਵਿਜੀਲੈਂਸ ਦਫ਼ਤਰ ਅੱਗੇ ਲਾਇਆ ਜਾਵੇਗਾ। ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਸਮੂਹ ਵਰਕਰਾਂ ਵੱਲੋਂ ਫੀਲਡ ਤੇ ਨਰਸਰੀਆਂ ਦੇ ਕੰਮ ਬੰਦ ਕਰਕੇ ਵਣ ਮੰਡਲ ਅਫਸਰਾਂ ਤੇ ਕੈਪਟਨ ਸਰਕਾਰ ਖ਼ਿਲਾਫ਼ ਕੰਮ ਬੰਦ ਕਰਨਗੇ। -ਪੱਤਰ ਪ੍ਰੇਰਕ