ਜੈਸਮੀਨ ਭਾਰਦਵਾਜ
ਨਾਭਾ, 11 ਮਾਰਚ
ਧੂਮਧਾਮ ਨਾਲ ਮਨਾਏ ਜਾਂਦੇ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਅਨੇਕਾਂ ਸ਼ਿਵ ਭਗਤ ਪੈਦਲ ਯਾਤਰਾ ਕਰਦੇ ਹੋਏ ਕਾਂਵੜ ਵਿਚ ਗੰਗਾ ਨਦੀ ਤੋਂ ਜਲ ਲੈਕੇ ਵਾਪਸ ਮੁੜਦੇ ਹਨ ਅਤੇ ਸ਼ਿਵਲਿੰਗ ਨੂੰ ਅਰਪਣ ਕਰਦੇ ਹਨ। ਪਿਛਲੇ 9 ਸਾਲਾਂ ਤੋਂ ਹਰ ਸਾਲ ਯਾਤਰਾ ਕਰ ਰਹੇ 21 ਕਾਂਵੜੀਆਂ ਦੇ ਗਰੁੱਪ ਨੇ ਅੱਜ ਨਾਭਾ ਦੇ ਬਾਜ਼ਾਰ ਵਿੱਚੋ ਕਾਂਵੜ ਉੱਪਰ ਕਿਸਾਨੀ ਝੰਡੀਆਂ ਲਾ ਕੇ ਸ਼ੋਭਾ ਯਾਤਰਾ ਕੱਢੀ। ਡੀਜੇ ਆਦਿ ਸਾਮਾਨ ਲੈਕੇ ਚੱਲ ਰਹੀ ਗੱਡੀ ਉੱਪਰ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਦਾ ਬੈਨਰ ਲੱਗਿਆ ਹੋਇਆ ਸੀ ਜਿਸ ਉੱਪਰ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਗੰਗਾ ਜਲ ਦੀ ਤਰ੍ਹਾਂ ਪਵਿੱਤਰ ਦੱਸਦੇ ਹੋਏ ਆਪਣੀ 9ਵੀਂ ਯਾਤਰਾ ਨੂੰ ਅੰਦੋਲਨ ਦੀ ਜਿੱਤ ਦੀ ਕਾਮਨਾ ਨੂੰ ਸਮਰਪਿਤ ਕੀਤਾ ਹੋਇਆ ਸੀ। ਹਰਿਦੁਆਰ ਤੋਂ ਹੀ ਕਿਸਾਨੀ ਝੰਡੀਆਂ ਨਾਲ ਤੁਰਦੇ ਆ ਰਹੇ ਇਸ ਟੋਲੇ ਦੇ ਮੈਂਬਰ ਪਵਨ ਕੁਮਾਰ ਨੇ ਕਿਹਾ ਕਿ ਸਮਾਜ ਵਿਚ ਫੈਲਾਏ ਜਾ ਰਹੇ ਨਫਰਤ ਰੂਪੀ ਜ਼ਹਿਰ ਤੋਂ ਸੁਚੇਤ ਰਹਿਣਾ ਅਤੇ ਇਸ ਦਾ ਪ੍ਰਭਾਵ ਘੱਟ ਕਰਨ ਲਈ ਭਾਈਚਾਰਕ ਸਾਂਝ ਦਾ ਗੰਗਾਜਲ ਸਿੰਜਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਸ ਯਾਤਰਾ ਦੌਰਾਨ ਅੰਦੋਲਨ ਦੀ ਕਾਮਯਾਬੀ ਦੀ ਕਾਮਨਾ ਕੀਤੀ ਹੈ ਅਤੇ ਪਟਿਆਲਾ ਗੇਟ ਤੋਂ ਬੌੜਾਂਗੇਟ ਤੱਕ ਸ਼ੋਭਾ ਯਾਤਰਾ ਰਾਹੀਂ ਇਹੀ ਸੁਨੇਹਾ ਦਿੱਤਾ ਹੈ। ਬੌੜਾਂ ਗੇਟ ਨਜ਼ਦੀਕ ਸ਼ਿਵ ਮੰਦਰ ਪਹੁੰਚੇ ਇਸ ਟੋਲੇ ਦਾ ਕਿਸਾਨਾਂ ਨੇ ਧੰਨਵਾਦ ਕੀਤਾ।