ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਮਈ
ਇੱਥੇ 12 ਸਾਲਾਂ ਤੋਂ ਸ਼ੀਸ਼ ਮਹਿਲ ਪਟਿਆਲਾ ਅਤੇ ਕਰੀਬ 8 ਸਾਲਾਂ ਤੋਂ ਬੰਦ ਪਏ ਕਿਲਾ ਮੁਬਾਰਕ ਦੀ ਅਜੇ ਵੀ ਸੈਲਾਨੀਆਂ ਲਈ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਸਰਕਾਰ ਵੱਲੋਂ ਰੁਪਏ ਨਾ ਮਿਲਣ ਕਾਰਨ ਇਸ ਦੀ ਮੁਰੰਮਤ ਕਰ ਰਹੀ ਰਾਜਪੂਤਾਨਾ ਕੰਸਟਰੱਕਸ਼ਨ ਕੰਪਨੀ (ਰਾਜਸਥਾਨ) ਨੇ ਕੰਮ ਬੰਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੀਸ਼ ਮਹਿਲ ਵਿਚ ਲਛਮਣ ਝੂਲਾ, ਝੀਲ, ਪੁਰਾਤਨ ਇਮਾਰਤ, ਮੈਡਲ, ਸਿੱਕੇ ਤੇ ਹਥਿਆਰਾਂ ਦੇ ਨਾਲ-ਨਾਲ ਕਿਲ੍ਹਾ ਮੁਬਾਰਕ ਵੀ ਪਟਿਆਲਾ ਦੀ ਵਿਰਾਸਤੀ ਸ਼ਾਨ ਹੈ। ਪਟਿਆਲਾ ਦੇ ਦਿਲ ਵਿਚ ਸਥਿਤ ਕਿਲ੍ਹਾ ਮੁਬਾਰਕ ਦੇ ਇਕ ਹਿੱਸੇ ‘ਰਣਵਾਸ’ ਨੂੰ ਸੱਤ ਤਾਰਾ ਹੋਟਲ ਲਈ ਇਕ ਕੰਪਨੀ ਦੇ ਹਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰ ਦਿੱਤਾ ਸੀ, ਵੱਡਾ ਹਿੱਸਾ ਮੁਰੰਮਤ ਅਧੀਨ ਹੈ। ਦੋਵਾਂ ਦੀ ਕਾਫ਼ੀ ਮੁਰੰਮਤ ਕੀਤੀ ਜਾ ਚੁੱਕੀ ਹੈ, ਪਰ ਅਜੇ ਵੀ ਕਾਫ਼ੀ ਕੰਮ ਬਾਕੀ ਹੈ ਪਰ ਹੁਣ ਰਾਜਪੂਤਾਨਾ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਹੈ। ਰਾਜਪੂਤਾਨਾ ਕੰਪਨੀ ਦੇ ਮਾਲਕ ਅਮਿਤ ਕੁਮਾਰ ਨੇ ਕਿਹਾ ਕਿ ਸ਼ੀਸ਼ ਮਹਿਲ ਅਤੇ ਕਿਲਾ ਮੁਬਾਰਕ ਵਿਚ ਉਨ੍ਹਾਂ ਦੀ ਕੰਪਨੀ ਮੁਰੰਮਤ ਕਰ ਰਹੀ ਹੈ, ਪਰ ਪਿਛਲੇ ਦਿਨਾਂ ਤੋਂ ਸਰਕਾਰ ਨੇ ਬਿੱਲ ਰੋਕ ਲਏ ਹਨ, ਇਸ ਕਰ ਕੇ ਉਨ੍ਹਾਂ ਨੂੰ ਕੰਮ ਬੰਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਹੁਣ ਮੁਰੰਮਤ ਲਈ ਤੇ ਕਾਰੀਗਰਾਂ ਨੂੰ ਦੇਣ ਲਈ ਰੁਪਏ ਨਹੀਂ ਹਨ।
ਪੰਜਾਬ ਸਰਕਾਰ ਵੱਲੋਂ ਕੋਈ ਢਿੱਲ ਨਹੀਂ: ਐਕਸੀਅਨ
ਇਸ ਬਾਰੇ ਸ਼ੀਸ਼ ਮਹਿਲ ਤੇ ਕਿਲਾ ਮੁਬਾਰਕ ਦਾ ਕੰਮ ਕਰਵਾ ਰਹੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਐਕਸੀਅਨ ਪ੍ਰੇਮ ਚੰਦ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਅਨੁਸਾਰ ਕੰਪਨੀ ਦੀ ਲੋੜ ਅਨੁਸਾਰ ਰੁਪਏ ਦਿੱਤੇ ਜਾਂਦੇ ਹਨ, ਕੰਪਨੀ ਦਾ ਫ਼ਰਜ਼ ਹੈ ਕਿ ਉਹ ਕੰਮ ਪੂਰਾ ਕਰੇ ਤਾਂ ਹੀ ਅਗਲੇ ਬਿੱਲ ਕਲੀਅਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਹੈ।