ਰਵੇਲ ਸਿੰਘ ਭਿੰਡਰ
ਪਟਿਆਲਾ, 28 ਜੂਨ
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਧਬਲਾਨ ਵਿੱਚ ਸਥਾਪਤ ਕੀਤੇ ਗਏ ਕੈਂਪਸ ਫਾਰ ਰਿਸਰਚ ਐਂਡ ਐਡਵਾਂਸ ਸਟੱਡੀਜ਼ ਦੇ ਮੁਕੰਮਲ ਹੋਣ ’ਤੇ ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਥੇ ਸਥਾਪਤ ਕੀਤੇ ਜਾਣ ਵਾਲੇ ਇਨਕਿਊਬੇਸ਼ਨ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਸ਼੍ਰੋਮਣੀ ਕਮੇਟੀ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦਾ ਗਿਆਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਮੇਂ ਇਸ ਰਿਸਰਚ ਕੇਂਦਰ ਵਿੱਚ ਖੇਤੀਬਾੜੀ ਨਾਲ ਸਬੰਧਤ ਅਨੇਕਾਂ ਪ੍ਰਯੋਗਸ਼ਾਲਾਵਾਂ ਜਿਵੇਂ ਮਿੱਟੀ ਅਤੇ ਪਾਣੀ ਦੀ ਪਰਖ, ਬਾਗ਼ਬਾਨੀ, ਬੀਜਾਂ ਦਾ ਸੁਧਾਰ ਅਤੇ ਨਿਰੀਖਣ, ਜੈਵਿਕ ਖਾਦ ਅਤੇ ਪਸ਼ੂ ਵਿਗਿਆਨ ਆਦਿ ਸਥਾਪਤ ਕੀਤੀਆਂ ਗਈਆਂ ਹਨ। ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱੱਤਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਖ਼ਾਲਸਾ ਕਾਲਜ ਵੱਲੋਂ ਧਬਲਾਨ ਵਿੱਚ ਸਥਾਪਤ ਕੀਤਾ ਗਿਆ ਇਹ ਸੈਂਟਰ ਇਲਾਕੇ ਦੇ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਨਕਿਊਬੇਸ਼ਨ ਅਤੇ ਇਨੋਵੇਸ਼ਨ ਸੈਂਟਰ ਸਥਾਪਤ ਹੋਣ ਨਾਲ ਐਡਵਾਂਸਡ ਸਟੱਡੀ ਦਾ ਰਾਹ ਹੋਰ ਮੋਕਲਾ ਹੋ ਜਾਵੇਗਾ। ਇਨ੍ਹਾਂ ਕੇਂਦਰਾਂ ਰਾਹੀਂ ਜੋ ਖੋਜ ਕੀਤੀ ਜਾਵੇਗੀ, ਉਸ ਨਾਲ ਪੰਜਾਬ ਦੇ ਲੋਕਾਂ ਨੂੰ ਪਰੰਪਰਾਗਤ ਖੇਤੀ ਦੇ ਚੱਕਰ ਵਿੱਚੋਂ ਕੱਢਣ ਦੇ ਨਾਲ ਨਾਲ ਖੇਤੀ ਨੂੰ ਕੁਦਰਤੀ ਢੰਗ ਰਾਹੀਂ ਲਾਹੇਵੰਦ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਇਨਕਿਊਬੇਸ਼ਨ ਸੈਂਟਰ ਦੀ ਸਥਾਪਤੀ ਨਾਲ ਫ਼ਸਲਾਂ ਦੀ ਪੈਕਿੰਗ ਅਤੇ ਉਸ ਨੂੰ ਸਿੱਧਾ ਮਾਰਕੀਟ ਤੱਕ ਪਹੁੰਚਾਉਣ ਦੇ ਢੰਗ ਤਰੀਕਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ, ਸੁਰਜੀਤ ਸਿੰਘ ਅਬਲੋਵਾਲ, ਡਾ. ਜਸਲੀਨ ਕੌਰ, ਪ੍ਰੋ. ਸੰਦੀਪ ਚਹਿਲ, ਪ੍ਰੋ. ਰਾਜਦੀਪ ਸਿੰਘ ਧਾਲੀਵਾਲ, ਡਾ. ਰਵਿੰਦਰਜੀਤ ਸਿੰਘ, ਪ੍ਰੋ. ਗੁਰਸ਼ਰਨ ਸਿੰਘ ਗਿੱਲ, ਡਾ. ਜਗਜੀਤ ਸਿੰਘ ਹਾਜ਼ਰ ਸਨ।