ਅਸ਼ਵਨੀ ਸ਼ਰਮਾ
ਸਮਾਣਾ, 9 ਫਰਵਰੀ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਅੰਦੋਲਨਜੀਵੀ ਕਹਿਣ ’ਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਸਭ ਨੇ ਅੰਦੋਲਨ ਕੀਤੇ ਸਨ। ਜਿਸ ਦੇ ਨਤੀਜੇ ਵਜੋਂ ਅੱਜ ਅਸੀਂ ਆਜ਼ਾਦੀ ਦੀ ਨਿੱਘ ਮਾਨ ਰਹੇ ਹਾਂ ਪਰ ਬੜੇ ਹੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਜ਼ਿਆਦਾ ਹੰਕਾਰਿਆ ਗਿਆ ਹੈ ਕਿ ਉਹ ਕਿਸਾਨ ਅੰਦੋਲਨ ਖ਼ਿਲਾਫ਼ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਹਲੂਵਾਲੀਆ ਕਮੇਟੀ ਦੀਆਂ ਖੇਤੀ ਬਾਰੇ ਸਿਫਾਰਸ਼ਾਂ ਨੂੰ ਰੱਦ ਕਰਨ ਦੇ ਬਿਆਨ ਨੂੰ ਮੌਕਾਪ੍ਰਸਤੀ ਦੱਸਦਿਆਂ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਖੁਦ ਮੌਂਟੇਕ ਸਿੰਘ ਆਹਲੂਵਾਲੀਆਂ ਨੂੰ ਸੱਦਿਆ ਸੀ ਤੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਲਈ ਆਹਲੂਵਾਲੀਆਂ ਕਮੇਟੀ ਦੀਆਂ ਸਿਫਾਰਸ਼ਾਂ ਚੰਗੀਆਂ ਹਨ। ਪਰ ਹੁਣ ਜਦੋਂ ਉਨ੍ਹਾਂ ਦਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ ਤਾਂ ਉਹ ਅਜਿਹੀਆਂ ਗੱਲਾਂ ਕਰਕੇ ਫ਼ਿਰ ਕਿਸਾਨਾਂ ਨੂੰ ਗੁਮਰਾਹ ਕਰਨਾ ਚਾਹੁੰਦੇ ਹਨ। ਉਹ ਅੱਜ ਸਮਾਣਾ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਰੋਡ ਸ਼ੋਅ ਵਿੱਚ ਸ਼ਿਰਕਤ ਕਰਨ ਪੁੱਜੇ ਸਨ।