ਖੇਤਰੀ ਪ੍ਰਤੀਨਿਧ
ਪਟਿਆਲਾ, 14 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਵਿੱਢੀ ਮੁਹਿੰਮ ਨੂੰ ਹਰ ਹਾਲਤ ਵਿੱਚ ਨੇਪਰੇ ਚਾੜ੍ਹੇਗੀ। ਉਹ ਦਿਨ ਦੂਰ ਨਹੀਂ, ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਪਵੇਗੀ। ਉਹ ਅੱਜ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸਮਾਗਮ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੰਜਨੀਅਰ ਗੁਰਮੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਤਰਫ਼ੋਂ ਢਾਈ ਲੱਖ ਰੁਪਏ ਦਾ ਚੈੱਕ ਸੌਂਪਿਆ।
ਇਸ ਦੇ ਨਾਲ ਹੀ ਜਥੇਦਾਰ ਪੰਜੋਲੀ ਨੇ ਇਸੇ ਹੀ ਕੇਸ ਅਧੀਨ ਉਮਰ ਕੈਦੀ ਵਜੋਂ ਬੁੜੈਲ ਜੇਲ੍ਹ ’ਚ ਬੰਦ ਰਾਜਪੁਰਾ ਵਾਸੀ ਸ਼ਮਸ਼ੇਰ ਸਿੰਘ ਦੀ ਪਤਨੀ ਨੂੰ ਵੀ ਢਾਈ ਲੱਖ ਰੁਪਏ ਦਾ ਚੈੱਕ ਵਿੱਤੀ ਸਹਾਇਤਾ ਵਜੋਂ ਸੌਂਪਿਆ। ਸ਼ਮਸ਼ੇਰ ਉਕਸੀ ਅਜੇ ਜੇਲ੍ਹ ’ਚ ਹੀ ਹੈ, ਜਦਕਿ ਗੁਰਮੀਤ ਸਿੰਘ ਹਾਲ ਹੀ ’ਚ ਪੈਰੋਲ ’ਤੇ ਰਿਹਾਅ ਹੋ ਕੇ ਆਏ ਹਨ। ਇਸ ਮੌਕੇ ਕਰਨੈਲ ਪੰਜੋਲੀ ਗੁਰਦੁਆਰਾ ਮੈਨੇਜਰ ਜਰਨੈਲ ਮੁਕਤਸਰੀ ਤੇ ਹੋਰਾਂ ਵੱਲੋਂ ਗੁਰਮੀਤ ਸਿੰਘ, ਉਨ੍ਹਾਂ ਦੇ ਮਾਤਾ ਸੁਰਜੀਤ ਕੌਰ, ਸ਼ਮਸ਼ੇਰ ਸਿੰਘ ਉਕਸੀ ਦੀ ਪਤਨੀ ਦਾ ਸਨਮਾਨ ਕੀਤਾ ਗਿਆ।