ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਕਤੂਬਰ
ਸਰਹਿੰਦ ਰੋਡ ਪਟਿਆਲਾ ਤੋਂ ਰਾਜਪੁਰਾ ਬਾਈ ਪਾਸ ਉੱਤੇ ਸਥਿਤ ਪਿੰਡ ਅਲੀਪੁਰ ਅਰਾਈਆਂ ਦੇ ਵਾਸੀਆਂ ਦਾ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਬੁਰਾ ਹਾਲ ਹੋ ਰਿਹਾ ਹੈ। ਸੀਵਰੇਜ ਦੀ ਮਾੜੀ ਹਾਲਤ ਵਿਖਾਉਣ ਲਈ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਆਮ ਆਦਮੀ ਪਾਰਟੀ ਦੇ ਪ੍ਰਿੰਸੀਪਲ ਜੇ ਪੀ ਸਿੰਘ ਨੂੰ ਬੁਲਾਇਆ ਅਤੇ ਅਲੀਪੁਰ ਚੌਂਕ ਅਤੇ ਅਲੀਪੁਰ ਸਕੂਲ ਅੱਗੇ ਸੀਵਰੇਜ ਦੇ ਓਵਰਫਲੋਅ ਨੂੰ ਵਿਖਾਇਆ। ‘ਆਪ’ ਆਗੂਆਂ ਨੇ ਨਗਰ ਨਿਗਮ ਨੂੰ ਕਰੜੇ ਹੱਥੀਂ ਲੈਂਦਿਆਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ।
ਪ੍ਰਿੰਸੀਪਲ ਜੇ ਪੀ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਤੋਂ ਪਿੰਡ ਵਾਸੀ ਵਾਰਡ ਦੇ ਐੱਮਸੀ ਨੂੰ ਬੇਨਤੀ ਕਰ ਰਹੇ ਹਨ ਕਿ ਸੀਵਰੇਜ ਠੀਕ ਕਰਵਾਇਆ ਜਾਵੇ, ਪਰ ਉਨ੍ਹਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅਲੀਪੁਰ ਦੇ ਮਿਡਲ ਸਕੂਲ ਮੁਖੀ ਅਤੇ ਇਲਾਕਾ ਵਾਸੀਆਂ ਨੇ ਸਕੂਲ ਦੇ ਅੱਗੇ ਖੜੇ ਗੰਦੇ ਪਾਣੀ ਦਾ ਮਾਮਲਾ ਵੀ ਨਿਗਮ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਹਾਲਾਂਕਿ ਸਕੂਲ ਦੀ ਕੰਧ ’ਤੇ ਨਗਰ ਨਿਗਮ ਵੱਲੋਂ ਡੇਂਗੂ ਬੁਖ਼ਾਰ ਬਾਰੇ ਜਾਣਕਾਰੀ ਅਤੇ ਪਰਹੇਜ਼/ਇਲਾਜ ਦੱਸਣ ਵਾਲਾ ਇਸ਼ਤਿਹਾਰ ਵੀ ਲੱਗਾ ਹੋਇਆ ਹੈ। ਅਲੀਪੁਰ ਵਾਸੀਆਂ ਨੇ ਨਿਗਮ ਮੇਅਰ ਨੂੰ ਚਿਤਾਵਨੀ ਦਿੱਤੀ ਕਿ ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਉਹ ਭਵਿੱਖ ਵਿੱਚ ਸੜਕ ਜਾਮ ਕਰਨਗੇ।