ਗੁਰਪ੍ਰੀਤ ਸਿੰਘ
ਘਨੌਰ, 10 ਫਰਵਰੀ
ਇਸ ਖਿੱਤੇ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਪੈਣ ਕਾਰਨ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਪਿੰਡ ਘੱਗਰ ਸਰਾਏ ਨੇੜੇ ਦੋ ਬੱਸਾਂ ਸਮੇਤ ਸੱਤ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਜਣੇ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਸਮੇਂ ਜਦੋਂ ਸੰਘਣੀ ਧੁੰਦ ਪੈਣ ਦੌਰਾਨ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਪਿੰਡ ਘੱਗਰ ਸਰਾਏ ਨੇੜਲੇ ਫਲਾਈਓਵਰ ਕੋਲ ਸ਼ੰਭੂ ਤੋਂ ਰਾਜਪੁਰਾ ਵੱਲ ਜਾ ਰਹੀ ਹਰਿਆਣਾ ਰੋਡਵੇਜ਼, ਇੱਕ ਨਿੱਜੀ ਬੱਸ, ਚਾਰ ਕਾਰਾਂ ਅਤੇ ਇੱਕ ਮੋਟਰਸਾਈਕਲ ਦੇ ਆਪਸ ਵਿੱਚ ਟਕਰਾਉਣ ਕਾਰਨ ਕਾਰ ਸਵਾਰ ਜਸਵੰਤ ਸਿੰਘ ਵਾਸੀ ਪਿੰਡ ਥਰਾਜ ਜ਼ਿਲ੍ਹਾ ਮੋਗਾ, ਮੋਟਰਸਾਈਕਲ ਸਵਾਰ ਸੇਵਾ ਸਿੰਘ ਵਾਸੀ ਪਿੰਡ ਸੂਹਰੋਂ ਦੀ ਮੌਤ ਹੋ ਗਈ। ਜਦੋਂਕਿ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਸ ਹਾਦਸੇ ਦੌਰਾਨ ਸਾਰੇ ਵਾਹਨ ਨੁਕਸਾਨੇ ਗਏ। ਕੁਝ ਸਮੇਂ ਲਈ ਸ਼ੰਭੂ ਤੋਂ ਰਾਜਪੁਰਾ ਨੂੰ ਜਾਣ ਵਾਲੀ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਕੇ ’ਤੇ ਪੁੱਜੀ ਥਾਣਾ ਸ਼ੰਭੂ ਦੀ ਪੁਲੀਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।