ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਸਤੰਬਰ
‘ਆਪ’ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਸੁਹਿਰਦ ਹੋ ਗਈ ਹੈ ਕਿਉਂਕਿ ਯੂਨੀਵਰਸਿਟੀ ਦੇ ਕੰਮਕਾਜ ਅਤੇ ਸਮੁੱਚੀ ਸਥਿਤੀ ਨੂੰ ਨੇੜਿਓਂ ਵਾਚਣ ਲਈ ਅੱਜ ਪਟਿਆਲਾ ਜ਼ਿਲ੍ਹੇ ਦੇ ਸੱਤ ‘ਆਪ’ ਵਿਧਾਇਕ ਉਚੇਚੇ ਤੌਰ ’ਤੇ ਯੂਨੀਵਰਸਿਟੀ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਹੇਠ ਗੈਸਟ ਹਾਊਸ ’ਚ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਇਨ੍ਹਾਂ ਵਿਧਾਇਕਾਂ ’ਚ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਸਮੇਤ ਅਜੀਤਪਾਲ ਕੋਹਲੀ, ਨੀਨਾ ਮਿੱਤਲ, ਹਰਮੀਤ ਪਠਾਣਮਾਜਰਾ, ਗੁਰਲਾਲ ਘਨੌਰ, ਕੁਲਵੰਤ ਬਾਜ਼ੀਗਰ ਅਤੇ ਦੇਵ ਮਾਨ ਸ਼ਾਮਲ ਸਨ। ਮੀਟਿੰਗ ਦੌਰਾਨ ਵਾਈਸ ਚਾਂਸਲਰ ਨੇ ਵਿੱਤੀ ਦੇਣਦਾਰੀਆਂ, ਤਨਖਾਹ ਸੰਕਟ, ਹੋਸਟਲ ਨਿਰਮਾਣ, ਨਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਲੋੜੀਂਦੇ ਬਜਟ ਦੇ ਵਾਧੇ ਸਮੇਤ ਕਈ ਹੋਰ ਸੰਜੀਦਾ ਅਤੇ ਭਖਵੇਂ ਮਸਲਿਆਂ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ। ‘ਆਪ’ ਵਿਧਾਇਕਾਂ ਨੇ ਵੀ ਇਸ ਪ੍ਰਮੁੱਖ ਵਿਦਿਅਕ ਸੰਸਥਾ ਦੀ ਬਿਹਤਰੀ ਲਈ ਸਰਕਾਰ ਕੋਲ ਆਵਾਜ਼ ਚੁੱਕਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕ ਯੂਨੀਵਰਸਿਟੀ ਦੇ ‘ਐਲੂਮਨੀ ਐਸੋਸੀਏਸ਼ਨ’ ਦੇ ਡੀਨ ਡਾ. ਸਤਨਾਮ ਸੰਧੂ ਦੇ ਵਿਸ਼ੇਸ਼ ਸੱਦੇ ’ਤੇ ਇਸ ਮੀਟਿੰਗ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਇਸੇ ਦੌਰਾਨ ਅੱਜ ਇਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਐਲਾਨ ਕੀਤਾ ਕਿ ਸੰਕੇਤ ਭਾਸ਼ਾ ਸਿਖਾਉਣ ਲਈ ਪੰਜਾਬ ਦਾ ਪਲੇਠਾ ਕੇਂਦਰ ਪਟਿਆਲਾ ਵਿੱਚ ਸਥਾਪਤ ਹੋਵੇਗਾ। ਉਹ ਅੱਜ ਇਥੇ ‘ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼’ ਦੇ ਪ੍ਰਧਾਨ ਜਗਦੀਪ ਸਿੰਘ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸਿਹਤ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨਾ ਕੇਵਲ ਸੁਣਨ ਅਤੇ ਬੋਲਣ ਤੋਂ ਅਸਮਰੱਥ ਵਿਅਕਤੀਆਂ ਨੂੰ ਨੌਕਰੀਆਂ ਦੇ ਵਿਸ਼ੇਸ਼ ਮੌਕੇ ਪ੍ਰਦਾਨ ਕਰ ਰਹੀ ਹੈ, ਸਗੋਂ ਸਾਰੇ ਅਪਾਹਜਾਂ ਦੇ ਸ਼ਸ਼ਕਤੀਕਰਨ ਲਈ ਵੀ ਨਿੱਠ ਕੇ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਹਰ ਨਾਗਰਿਕ ਸੰਕੇਤ ਭਾਸ਼ਾ ਸਿੱਖੇ ਤਾਂ ਕਿ ਅਸੀਂ ਬੋਲਣ ਅਤੇ ਸੁਣਨ ਤੋਂ ਅਸਮਰੱਥ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਇਨ੍ਹਾਂ ਨਾਲ ਸੁਖਾਵੇਂ ਮਾਹੌਲ ’ਚ ਵਾਰਤਾਲਾਪ ਕਰ ਸਕੀਏ।