ਪੱਤਰ ਪ੍ਰੇਰਕ
ਪਾਤੜਾਂ, 4 ਸਤੰਬਰ
ਪੁਲੀਸ ਪ੍ਰਸ਼ਾਸਨ ਵੱਲੋਂ ਨਿਯਮਾਂ ਦੇ ਉਲਟ ਸਹਾਇਕ ਸਬ ਇੰਸਪੈਕਟਰਾਂ (ਐੱਲਆਰ) ਨੂੰ ਪੁਲੀਸ ਚੌਕੀਆਂ ਦੇ ਇੰਚਾਰਜ ਲਾਏ ਜਾਣ ’ਤੇ ਸੀਨੀਅਰ ਅਧਿਕਾਰੀ ਨਿਰਾਸ਼ ਹਨ। ਇਸ ਸਬੰਧੀ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਹਲਕਾ ਸ਼ੁਤਰਾਣਾ ਸਮੇਤ ਪੰਜਾਬ ਦੀਆਂ ਵੱਖ-ਵੱਖ ਪੁਲੀਸ ਚੌਕੀਆਂ ਵਿੱਚ ਨਿਯਮਾਂ ਦੇ ਉਲਟ ਏਐੱਸਆਈਜ਼ (ਆਰਐੱਲ) ਨੂੰ ਪੁਲੀਸ ਚੌਕੀਆਂ ਦੇ ਇੰਚਾਰਜ ਲਾਏ ਜਾਣ ਦਾ ਰੁਝਾਨ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਮਨੋਬਲ ਨੂੰ ਭਾਰੀ ਠੇਸ ਪਹੁੰਚਾਉਣ ਦੇ ਨਾਲ-ਨਾਲ ਬੁਰੀ ਤਰ੍ਹਾਂ ਨਸ਼ਿਆਂ ਦੀ ਜਕੜ ਵਿਚ ਆਏ ਪੰਜਾਬ ਨੂੰ ਗੰਭੀਰ ਸਮੱਸਿਆਵਾਂ ਵੱਲ ਧੱਕ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਜੂਨੀਅਰ ਅਧਿਕਾਰੀਆਂ ਦੇ ਹੇਠ ਕੰਮ ਕਰਨਾ ਅਸੰਭਵ ਹੈ। ਇਸ ਸਬੰਧੀ ਡੀਐੱਸਪੀ ਗੁਰਦੀਪ ਸਿੰਘ ਦਿਓਲ ਨੇ ਕਿਹਾ ਕਿ ਚੌਕੀਆਂ ਦੇ ਇੰਚਾਰਜ ਸੀਨੀਅਰ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਹੀ ਲੱਗਦੇ ਹਨ। ਇਸ ਲਈ ਕਿਸੇ ਮੁਲਾਜ਼ਮ ਜਾਂ ਅਧਿਕਾਰੀ ਨੂੰ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਟਿੱਪਣੀ ਨਹੀਂ ਕਰਨੀ ਚਾਹੀਦੀ।