ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 18 ਜਨਵਰੀ
ਤਰਕਸ਼ੀਲ ਸੁਸਾਇਟੀ ਪੰਜਾਬ ਪਟਿਆਲਾ ਜ਼ੋਨ ਦੇ ਵੱਲੋਂ ਸਮਾਜ ਸੇਵਿਕਾ, ਕਵੀ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੇ ਸੰਘਰਸ਼ਮਈ ਜੀਵਨ ਅਤੇ ਵਿਗਿਆਨਕ ਸਮਾਜ ਦੀ ਉਸਾਰੀ ਵਿੱਚ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਸਥਾਨਕ ਤਰਕਸ਼ੀਲ ਹਾਲ ’ਚ ਕਰਵਾਇਆ ਗਿਆ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਵਿੱਤਰੀ ਬਾਈ ਫੂਲੇ ਤੇ ਬਣੀ ਵਿਸ਼ੇਸ਼ ਫਿਲਮ ਦਿਖਾਈ ਗਈ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਤੇ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕੋ ਕਨਵੀਨਰ ਰਾਜੀਵ ਲੋਹਟਬੱਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਵਿੱਤਰੀ ਬਾਈ ਫੂਲੇ ਜੀ ਆਧੁਨਿਕ ਵਿਚਾਰਾਂ ਅਤੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਸਨ ਉਨ੍ਹਾਂ ਨੇ ਦਲਿਤ ਸਮਾਜ ਅਤੇ ਔਰਤਾਂ ਲਈ ਸੰਘਰਸ਼ ਕੀਤਾ। ਇਸ ਮੌਕੇ ਸੱਭਿਆਚਾਰਕ ਕਾਰਕੁਨ ਹਰਬੰਸ ਸੋਨੂੰ , ਸਾਵਿੱਤਰੀ ਬਾਈ ਫੂਲੇ ਚੇਤਨਾ ਮੰਚ ਦੇ ਆਗੂ ਸੁਮਨ ਪਟਿਆਲਾ ਨੇ ਇਨਕਲਾਬੀ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਵਿਧੂ ਸ਼ੇਖਰ , ਤਰਕਸ਼ੀਲ ਆਗੂ ਰਣਜੀਤ ਸਿੰਘ , ਗੁਰਪ੍ਰੀਤ ਸੋਹਲ, ਬਹਾਦਰ ਅਲੀ, ਸੇਵਾਮੁਕਤ ਲੈਕਚਰਾਰ ਦਰਸ਼ਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਵਿਚਾਰ ਪੇਸ਼ ਕੀਤੇ।