ਪੱਤਰ ਪ੍ਰੇਰਕ
ਪਟਿਆਲਾ, 16 ਦਸੰਬਰ
ਡਿਸਟੈਂਸ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਅਦਾਰਾ 23 ਮਾਰਚ ਵੱਲੋਂ ਸਾਂਝੇ ਤੌਰ ’ਤੇ ਤੀਜਾ ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਪ੍ਰੋਫੈਸਰ ਅਭੈ ਕੁਮਾਰ ਦੂਬੇ, ਅੰਬੇਦਕਰ ਯੂਨੀਵਰਸਿਟੀ, ਦਿੱਲੀ ਦੁਆਰਾ ‘ਬਸਤੀਵਾਦ ਦੇ ਪਰਛਾਵੇਂ ਹੇਠ : ਭਾਰਤੀ ਭਾਸ਼ਾਵਾਂ ਅਤੇ ਬੰਦੀ ਬੌਧਿਕਤਾ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਡਿਸਟੈਂਸ ਐਜੂਕੇਸ਼ਨ ਦੇ ਮੁਖੀ ਪ੍ਰੋਫੈਸਰ ਸਤਿਨਾਮ ਸਿੰਘ ਸੰਧੂ ਹੋਰਾਂ ਦੇ ਲੈਕਚਰ ਲੜੀ ਵਿੱਚ ਸ਼ਮੂਲੀਅਤ ਕਰ ਰਹੇ ਵਿਦਿਆਰਥੀਆਂ, ਖੋਜਾਰਥੀਆਂ, ਵਿਦਵਾਨਾਂ ਅਤੇ ਆਲੋਚਕਾਂ ਨੂੰ ਜੀ ਆਇਆਂ ਕਹਿਣ ਨਾਲ ਹੋਈ। ਡਾ. ਸੰਧੂ ਨੇ ਜਸਵੰਤ ਸਿੰਘ ਕੰਵਲ ਰਚਿਤ ਸਾਹਿਤ ਦੇ ਹਵਾਲੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਉਨ੍ਹਾਂ ਦੀ ਇਤਿਹਾਸਕ ਭੂਮਿਕਾ ਦੀ ਗੱਲ ਕੀਤੀ। ਪ੍ਰੋ. ਅਭੈ ਕੁਮਾਰ ਦੂਬੇ ਹੋਰਾਂ ਤੇ ਵਿਸ਼ਵ ਪ੍ਰਸਿੱਧ ਵਿਦਵਾਨਾਂ ਅਤੇ ਖ਼ੋਜੀਆਂ ਦੀਆਂ ਮਹੱਤਵਪੂਰਨ ਰਚਨਾਵਾਂ ਅਤੇ ਗੌਲ਼ਣਗੇ ਟਿੱਪਣੀਆਂ ਦੇ ਹਵਾਲੇ ਨਾਲ ਬਸਤੀਵਾਦ ਦੇ ਪਰਛਾਵੇਂ ਹੇਠ ਭਾਰਤੀ ਭਾਸ਼ਾਵਾਂ ਅਤੇ ਬੰਦੀ ਬੌਧਿਕਤਾ ਨਾਲ ਜੁੜੇ ਸਵਾਲਾਂ ਨੂੰ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਪੇਸ਼ ਕੀਤਾ। ਪ੍ਰਧਾਨਗੀ ਭਾਸ਼ਣ ਵਿਚ ਪ੍ਰੋਫੈਸਰ ਅਰਵਿੰਦ, ਵਾਈਸ-ਚਾਂਸਲਰ , ਪੰਜਾਬੀ ਯੂਨੀਵਰਸਿਟੀ ਨੇ ਰਾਸ਼ਟਰੀ ਪਛਾਣ ਦੇ ਪਿਛੋਕੜ ਵਿੱਚ ਕਾਰਜਸ਼ੀਲ ਵਿਸ਼ਵ ਪੱਧਰੀ ਵਰਤਾਰਿਆਂ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ।