ਖੇਤਰੀ ਪ੍ਰਤੀਨਿਧ
ਪਟਿਆਲਾ, 2 ਨਵੰਬਰ
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵੱਲੋਂ ‘ਸਾਈਬਰ ਹਮਲੇ ਅਤੇ ਸਾਈਬਰ ਅਤਿਵਾਦ’ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਕੁਸੁਮ ਲਤਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸੈਮੀਨਾਰ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਰਾਮ ਕੁਮਾਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਾਲਜ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਅਨਿਲ ਵਰਮਾ ਨੇ ਕਿਹਾ ਕਿ ਸਾਈਬਰ ਅਪਰਾਧ ਨਵੇਂ ਡਿਜੀਟਲ ਇੰਡੀਆ ਲਈ ਉਭਰਦਾ ਮੁੱਦਾ ਬਣ ਰਿਹਾ ਹੈ ਪਰ ਇਸ ਤੋਂ ਸੁਰੱਖਿਅਤ ਰਹਿਣ ਦੇ ਕਈ ਤਰੀਕੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਸਾਈਬਰ ਅਪਰਾਧ ਤੋਂ ਬਚਣ ਲਈ ਸੁਚੇਤ ਹੋਣਾ ਤੇ ਸਮੇਂ ਦਾ ਹਾਣੀ ਬਣੇ ਰਹਿਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵੀਂਆਂ ਤਕਨੀਕਾਂ ਦੀ ਵਰਤੋਂ ਸੁਚੇਤ ਹੋ ਕੇ ਕੀਤੀ ਜਾਵੇ ਤਾਂ ਸਾਈਬਰ ਹਮਲਿਆਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ ਸਮੇਤ ਸਾਈਬਰ ਹਮਲਿਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰੋ. ਰਾਮ ਕੁਮਾਰ ਤੇ ਡਾ. ਵਨੀਤਾ ਰਾਣੀ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਅਰਥ ਸ਼ਾਸਤਰ ਵਿਭਾਗ ਮੁਖੀ ਡਾ. ਅਪਰਾ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ।