ਪੱਤਰ ਪ੍ਰੇਰਕ
ਪਟਿਆਲਾ, 17 ਅਪਰੈਲ
ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਗੁਰਮਤਿ ਲੋਕ-ਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਭਾਸ਼ਾ ਭਵਨ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ‘ਪੰਜਾਬ ਦਾ ਮਹਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਚਿੰਤਕ ਡਾ: ਸਵਰਾਜ ਸਿੰਘ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਭਾਈ ਹਰਸਿਮਰਨ ਸਿੰਘ ਡਾਇਰੈਕਟਰ ਭਾਈ ਗੁਰਦਾਸ ਇੰਸਟੀਚਿਊਟ ਆਨੰਦਪੁਰ ਸਾਹਿਬ, ਡਾ: ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਕਰਨੈਲ ਸਿੰਘ ਗ਼ਰੀਬ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ, ਪ੍ਰਾਣ ਸਭਰਵਾਲ, ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ, ਨਾਹਰ ਸਿੰਘ ਸੇਵਾਮੁਕਤ ਡੀ.ਐੱਸ.ਪੀ. ਸ਼ਾਮਲ ਹੋਏ।
ਡਾ. ਮਾਨ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੇ ਖ਼ਾਲਸਾ ਸਿਧਾਂਤ ਦੀ ਪੂਰਤੀ ਲਈ ਲੋਕ ਸ਼ਕਤੀ ਨੂੰ ਜਥੇਬੰਦ ਕਰਕੇ ਸਹੀ ਸੇਧ ਦੇ ਕੇ ਦ੍ਰਿੜ੍ਹਤਾ ਤੇ ਬਹਾਦਰੀ ਨਾਲ ਸੰਘਰਸ਼ ਕੀਤਾ ਤੇ ਜਿੱਤ ਪ੍ਰਾਪਤ ਕਰਨ ਉਪਰੰਤ ਖ਼ਾਲਸਾ ਰਾਜ ਦੀ ਸਥਾਪਨਾ ਕਰਕੇ ਲੋਹਗੜ੍ਹ ਰਾਜਧਾਨੀ ਤੋਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਉੱਤੇ ਸਿੱਕਾ ਜਾਰੀ ਕੀਤਾ। ਮੇਘ ਨਾਥ ਸ਼ਰਮਾ ਤੇ ਕਰਨੈਲ ਸਿੰਘ ਗ਼ਰੀਬ ਨੇ ਕਿਹਾ ਕਿ ਸਿੱਖ ਲੀਡਰਸ਼ਿਪ ਅੱਜ ਕੁਰਾਹੇ ਪੈ ਗਈ ਹੈ। ਅਕਾਲੀ ਆਪਣੇ ਰਾਜਨੀਤਕ ਹਿੱਤਾਂ ਲਈ ਅਕਾਲ ਤਖ਼ਤ ਦੇ ਜਥੇਦਾਰ ਦੀ ਵਰਤੋਂ ਕਰ ਰਹੇ ਹਨ। ਬਹਿਸ ਵਿੱਚ ਡਾ. ਲਕਸ਼ਮੀ ਨਰਾਇਣ ਭੀਖੀ, ਨਾਹਰ ਸਿੰਘ, ਡਾ. ਭਗਵੰਤ ਸਿੰਘ, ਹਰਜੀਤ ਸਿੰਘ ਜੱਬਲਪੁਰ, ਕੁਲਦੀਪ ਸਿੰਘ ਬਾਗ਼ੀ, ਬੀਬੀ ਜੋਗਿੰਦਰ ਕੌਰ ਅਗਨੀਹੋਤਰੀ, ਇੰਜੀਨੀਅਰ ਆਰ.ਐੱਸ. ਮਿਆਣ, ਪਰਮਿੰਦਰ ਸਿੰਘ ਗਿੱਲ ਨੇ ਹਿੱਸਾ ਲਿਆ।