ਖੇਤਰੀ ਪ੍ਰਤੀਨਿਧ
ਪਟਿਆਲਾ, 4 ਸਤੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਥ ਕਮੇਟੀ ਦੇ ਸਹਿਯੋਗ ਨਾਲ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਵੱਲੋਂ ਪੰਥ ਰਤਨ ਗਿਆਨੀ ਦਿੱਤ ਸਿੰਘ ਦੀ ਯਾਦ ਵਿਚ ਸੈਮੀਨਾਰ ਦਾ ਕਰਵਾਇਆ ਗਿਆ। ਇਸ ਦੌਰਾਨ ਮੁੱਖ ਵਕਤਾ ਵਜੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਜੀਵਨ ਕਾਲ ’ਚ ਆਈਆਂ ਅਨੇਕਾਂ ਮੁਸ਼ਕਲਾਂ ਵੀ ਉਨ੍ਹਾਂ ਦੀ ਪੰਥ ਪ੍ਰਸਤੀ ’ਚ ਵਿਘਨ ਨਾ ਪਾ ਸਕੀਆਂ। ਉਹ ਪੰਥਕ ਵਿਦਵਾਨ ਵਜੋਂ ਸਥਾਪਤ ਹੋਏ ਅਤੇ ਆਪਣੀ ਵਿਦਵਤਾ ਦੇ ਬਲ ਕਰਕੇ ਆਪਣੇ ਸਮਕਾਲ ਦੇ ਬੁੱਧੀਜੀਵੀਆਂ ਨਾਲ ਰਲਕੇ ਗੁਰਮਤਿ ਦਾ ਪ੍ਰਚਾਰ ਕੀਤਾ। ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਕੀਤੀ। ਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਗਿਆਨੀ ਜੀ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਲਈ ਪ੍ਰੇਰਿਆ।