ਪੱਤਰ ਪ੍ਰੇਰਕ
ਪਾਤੜਾਂ, 24 ਨਵੰਬਰ
ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿੱਚ ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੈਮੀਨਾਰ ਕਰਵਾਇਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਨੇ ਸ਼ਿਰਕਤ ਕੀਤੀ।
ਇਸੇ ਦੌਰਾਨ ਵਿਦਿਆਰਥੀ ਆਗੂ ਅਮਨਦੀਪ ਸਿੰਘ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਪੂਰਨ ਆਜ਼ਾਦੀ ਤੱਕ ਪਹੁੰਚੀ ਸੀ। ਅਜੋਕੇ ਸਮੇਂ ਦੌਰਾਨ ਬੱਬਰਾਂ ਦੇ ਇਤਿਹਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਬੱਬਰਾਂ ਨੇ ਦੋਆਬੇ ਵਿਚੋਂ ਅੰਗਰੇਜ਼ਾਂ ਦੇ ਪੈਰ ਉਖਾੜ ਦਿੱਤੇ ਅਤੇ ਤਿੰਨ ਸਾਲ ਤੱਕ ਅੰਗਰੇਜ਼ ਉਥੇ ਵੜਨ ਦੀ ਹਿੰਮਤ ਤੱਕ ਨਹੀਂ ਕਰ ਸਕੇ।
ਉਨ੍ਹਾਂ ਬੱਬਰਾਂ ਦੇ ਇਤਿਹਾਸ ਨੂੰ ਕਦੇ ਸਾਡੇ ਸਿਲੇਬਸ ਦਾ ਹਿੱਸਾ ਤੱਕ ਨਹੀਂ ਬਣਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਕੋਈ ਯਾਦਗਾਰ ਬਣਾਈ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਉਸ ਨੂੰ ਬਦਲਣ ਲਈ ਬੱਬਰ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਮੀਤ ਨਾਈਵਾਲਾ, ਕਾਲਜ ਇਕਾਈ ਦੇ ਕਨਵੀਨਰ ਦੀਪਕ ਰੰਗਾ ਤੇ ਸੰਦੀਪ ਕੌਰ, ਗੀਤਿਕਾ ਰਾਣੀ ਤੇ ਪੂਜਾ, ਖਜ਼ਾਨਚੀ ਗੁਰਮੁੱਖ ਖਾਂਗ, ਦਵਿੰਦਰ ਛਬੀਲਪੁਰ ਤੇ ਸੁਮਨ ਸਣੇ ਹੋਰ ਹਾਜ਼ਰ ਸਨ।