ਖੇਤਰੀ ਪ੍ਰਤੀਨਿਧ
ਪਟਿਆਲਾ, 21 ਜੁਲਾਈ
ਜ਼ਿਲ੍ਹਾ ਪੁਲੀਸ ਵੱਲੋਂ ਜ਼ਿਲ੍ਹੇ ਅੰਦਰ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਤੇਜ਼ ਕੀਤੇ ਹੋਏ ਹਨ। ਇਸ ਸਬੰਧੀ ਟਰੈਫਿਕ ਦੇ ਡੀਐੱਸਪੀ ਕਰਮਬੀਰ ਸਿੰਘ ਤੂਰ ਆਪਣੇ ਦਫਤਰ ’ਚ ਹੀ ਬੈਠਣ ਦੀ ਥਾਂ ਵੱਖ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਪਿਛਲੇ ਕੁਝ ਦਿਨਾ ਦੌਰਾਨ ਤਾਂ ਉਨ੍ਹਾ ਨੇ ਖੁਦ ਨਾਕੇ ’ਤੇ ਖੜ੍ਹੇ ਵਾਹਨਾਂ ਦੀ ਚੈਕਿੰਗ ਕੀਤੀ। ਇਸੇ ਦੌਰਾਨ ਟਰੈਫਿਕ ’ਚ ਹੋਰ ਵਧੇਰੇ ਸੁਧਾਰ ਲਈ ਆਮ ਨਾਗਰਿਕਾਂ ਵਿੱਚੋਂ ਲਏ ਜਾਂਦੇ ਟਰੈਫਿਕ ਮਾਰਸ਼ਲਾਂ ਦੀ ਚੋਣ ਕਰਨ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਟਰੈਫਿਕ ਮਾਰਸ਼ਲ ਬਣਨ ਦੇ ਚਾਹਵਾਨ ਮੈਂਬਰਾਂ ਦੀ ਅੱਜ ਇਥੇ ਪੁਲੀਸ ਲਾਈਨ ਦੇ ਕਾਨਫਰੰਸ ਹਾਲ ਵਿੱਚ ਇੰਟਰਵੀਊ ਲਈ ਗਈ। ਇਸ ਦੌਰਾਨ ਮਾਰਸ਼ਲਾਂ ਦੇ ਚਾਹਵਾਨਾਂ ਨੂੰ ਚੰਗੇ ਢੰਗ ਨਾਲ ਟਰੈਫਿਕ ਚਲਾਉਣ ਲਈ ਸੁਝਾਅ ਦਿੱਤੇ ਗਏ ਤੇ ਉਨ੍ਹਾਂ ਵੱਲੋਂ ਹੁਣ ਤੱਕ ਟਰੈਫਿਕ ਸੱਮਸਿਆ ਨੂੰ ਹੱਲ ਕਰਨ ਲਈ ਪਾਏ ਯੋਗਦਾਨ ਬਾਰੇ ਵੀ ਪੁੱਛਿਆ ਗਿਆ। ਮਾਰਸ਼ਲਾਂ ਦੇ ਪੁਲੀਸ ਕਲੀਅਰੈਂਸ ਸਰਟੀਫਿਕੇਟ ਲੈਣ ਮਗਰੋਂ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਸਬ ਇੰਸਪੈਕਟਰ ਝਿਰਮਲ ਸਿੰਘ ਤੇ ਡੀਐੱਸਪੀ ਟਰੈਫਿਕ ਦੇ ਰੀਡਰ ਗੁਰਬੀਰ ਸਿੰਘ ਹਾਜ਼ਰ ਸੀ।