ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਅਗਸਤ
ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਦੇ ਗੁਰਦੁਆਰੇ ਸਾਹਮਣੇ ਸੀਚੇਵਾਲ ਮਾਡਲ ਤਹਿਤ ਪੁੱਟੇ ਗੰਦੇ ਪਾਣੀ ਦੇ ਖੂਹਾਂ ਦੇ ਮਾਮਲੇ ਵਿਚ ਜਾਂਚ ਕਰਨ ਲਈ ਗੁਰਦੁਆਰੇ ਵਿਚ ਸੀਨੀਅਰ ਅਕਾਲੀ ਆਗੂ ਤੇ ਭਾਰਤੀ ਘੱਟ ਗਿਣਤੀਆਂ ਤੇ ਦਲਿਤ ਫ਼ਰੰਟ ਦੇ ਪ੍ਰਧਾਨ ਸੇਵਾ ਸਿੰਘ ਸੇਖਵਾਂ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਗੁਰਦੁਆਰੇ ਸਾਹਮਣੇ ਤੋਂ ਗੰਦਾ ਪਾਣੀ ਨਾ ਕੱਢਿਆ ਤਾਂ ਉਹ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਨੂੰ ਮਿਲ ਕੇ ਮਾਮਲੇ ਦੀ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਇਸ ਸਬੰਧੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਨੂੰ ਪੜ੍ਹ ਕੇ ਸ੍ਰੀ ਸੇਖਵਾਂ ਨੇ ਦੌਰਾ ਕੀਤਾ।
ਸ੍ਰੀ ਸੇਖਵਾਂ ਨੇ ਕਿਹਾ ਕਿ ਪਿੰਡ ਦਾ ਪਾਣੀ ਇੱਥੋਂ ਬਾਹਰ ਕੱਢਿਆ ਜਾਣਾ ਸੀ ਪਰ ਇਹ ਸ਼ਹੀਦਾਂ ਦੇ ਸਥਾਨ ਦੇ ਸਾਹਮਣੇ ਹੀ ਛੱਪੜ ਬਣਾ ਕੇ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਤੇ ਐਮਪੀ ਪ੍ਰਨੀਤ ਕੌਰ ਨੂੰ ਕਾਂਗਰਸ ਦੇ ਦੋਸ਼ੀ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਕਹਿਣਗੇ।