ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਦਸੰਬਰ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਚੇਅਰਮੈਨ ਦੀ ਭਾਲ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਨੇ ਚੇਅਰਪਰਸਨ ਦੇ ਅਹੁਦੇ ਲਈ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿਚ ਬਿਨੈਕਾਰਾਂ ਤੋਂ 20 ਜਨਵਰੀ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਬਿਨੈਕਾਰਾਂ ਤੋਂ ਇੰਜਨੀਅਰਿੰਗ, ਫਾਇਨਾਂਸ, ਕਾਮਰਸ, ਅਰਥ ਸ਼ਾਸਤਰ, ਕਾਨੂੰਨ ਤੇ ਮੈਨੇਜਮੈਂਟ ਦਾ ਤਜਰਬਾ ਵੀ ਮੰਗਿਆ ਗਿਆ ਹੈ। ਸਾਬਕਾ ਆਈਏਐੱਸ ਅਧਿਕਾਰੀ ਕੁਸਮਜੀਤ ਸਿੱਧੂ ਨੂੰ 8 ਅਗਸਤ 2017 ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਅਥਾਰਿਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਸੀ। ਇਹ ਨਿਯੁਕਤੀ 5 ਸਾਲ ਜਾਂ 65 ਸਾਲ ਦੀ ਉਮਰ ਹੋਣ ਤੱਕ ਲਈ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਕੁਸਮਜੀਤ ਸਿੱਧੂ ਦਾ ਜਨਮ 13 ਅਪਰੈਲ 1956 ਨੂੰ ਹੋਇਆ ਸੀ। ਇਸ ਹਿਸਾਬ ਨਾਲ ਉਹ 13 ਅਪਰੈਲ 2021 ਨੂੰ 65 ਸਾਲਾਂ ਦੇ ਹੋ ਜਾਣਗੇ ਤੇ ਨਿਯੁਕਤੀ ਦੀ ਸ਼ਰਤ ਮੁਤਾਬਕ ਇਸ ਦਿਨ ਚੇਅਰਪਰਸਨ ਵਜੋਂ ਸੇਵਾਮੁਕਤ ਹੋਣਗੇ। ਇਸੇ ਲਈ ਪੰਜਾਬ ਸਰਕਾਰ ਨੇ ਚੇਅਰਪਰਸਨ ਦੀ ਨਿਯੁਕਤੀ ਲਈ ਅਗਾਉ ਹੀ ਤਿਆਰੀ ਵਿੱਢ ਦਿੱਤੀ ਹੈ। ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਸਰਕਾਰ ਇਸ ਅਹੁਦੇ ’ਤੇ ਕਿਸਦੀ ਨਿਯੁਕਤੀ ਕਰਦੀ ਹੈ?