ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਜੁਲਾਈ
ਕੁਝ ਦਿਨ ਪਹਿਲਾਂ ਪਏ ਮੀਂਹ ਮਗਰੋਂ ਨੀਵੀਆਂ ਥਾਵਾਂ ’ਤੇ ਪਾਣੀ ਭਰਨ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਭਾਰੀ ਮੀਂਹ ਦੀ ਦਿੱਤੀ ਚਿਤਾਵਨੀ ਦੇ ਚਲਦਿਆਂ ਐੱਸਡੀਐੱਮ ਡਾ. ਪਾਲਿਕਾ ਅਰੋੜਾ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਬ-ਡਿਵੀਜ਼ਨ ਪਾਤੜਾਂ ਵਿੱਚੋਂ ਲੰਘਦੇ ਘੱਗਰ ਦਰਿਆ ਤੇ ਡਰੇਨਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਘੱਗਰ ਤੇ ਇਸ ਦੀਆਂ ਸਹਾਇਕ ਨਦੀਆਂ ਦੀਆਂ ਨਾਜ਼ੁਕ ਥਾਵਾਂ ਦੀ ਨਿਸ਼ਾਨਦੇਹੀ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਸਬ-ਡਿਵੀਜ਼ਨ ਪਾਤੜਾਂ ਵਿੱਚੋਂ ਲੰਘਦੇ ਘੱਗਰ ਦਰਿਆ, ਝੰਬੋਵਾਲੀ ਚੋਅ (ਭੁਪਿੰਦਰਾ ਸਾਗਰ), ਮੋਮੀਆਂ ਅਤੇ ਕਲਵਾਨੂੰ ਡਰੇਨ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਕਿਹਾ ਕਿ ਪਹਿਲਾਂ ਪਏ ਭਾਰੀ ਬਰਸਾਤ ਕਾਰਨ ਨੀਵੀਆਂ ਥਾਵਾਂ ਉੱਤੇ ਪਾਣੀ ਭਰਨ ਕਰ ਕੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਸਾਨਾਂ ਵੱਲੋਂ ਘੱਗਰ ਦਰਿਆ ਦੇ ਬੰਨੇ ਮਜ਼ਬੂਤ ਕਰਨ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੇ ਕੁਦਰਤੀ ਵਹਿਣ ਬੰਦ ਨਾ ਕੀਤੇ ਜਾਣ ਅਜਿਹਾ ਕਰਨ ’ਤੇ ਕਾਰਵਾਈ ਹੋਵੇਗੀ।