ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਜੂਨ
ਆਮ ਆਦਮੀ ਪਾਰਟੀ ਐੱਸਸੀ ਵਿੰਗ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਕੁਲਵੰਤ ਸਿੰਘ ਬਾਜ਼ੀਗਰ ਦੀ ਅਗਵਾਈ ਵਿਚ ਮਿਨੀ ਸਕੱਤਰੇਤ ਅੱਗੇ ਸੱਤ ਦਿਨਾਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਐੱਸਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਦੋਸ਼ ਲਾਏ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਥਿਤ ਘਪਲਾ ਸਾਹਮਣੇ ਆਇਆ ਹੈ।
ਸ੍ਰੀ ਬੰਗੜ ਨੇ ਕਿਹਾ ਕਿ ਫੰਡ ਆਪਣੇ ਚਹੇਤਿਆਂ ਸੰਸਥਾਵਾਂ ਨੂੰ ਦੇਣ ਲਈ ਗ਼ਲਤ ਤਰੀਕਾ ਅਪਣਾਇਆ ਅਤੇ ਗ਼ਲਤ ਤਰੀਕੇ ਨਾਲ ਲਾਭ ਦੇ ਕੇ ਬੱਚਿਆਂ ਦੇ ਭਵਿੱਖ ’ਤੇ ਡਾਕਾ ਮਾਰਿਆ। ਇੱਥੋਂ ਤੱਕ ਕਿ ਮੁੱਖ ਮੰਤਰੀ ਅਤੇ ਅਦਾਲਤਾਂ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਮਨਮਰਜ਼ੀ ਨਾਲ ਅਦਾਇਗੀਆਂ ਕੀਤੀਆਂ ਹਨ ਜੋ ਕਿ ਵਿਭਾਗ ਵੱਲੋਂ ਪ੍ਰਵਾਨ ਕੀਤੀਆਂ ਅਦਾਇਗੀਆਂ ਬੈਂਕਾਂ ਦੇ ਖਾਤਿਆਂ ਨਾਲ ਮੇਲ ਵੀ ਨਹੀਂ ਖਾਂਦੀਆਂ। ਇੱਥੋਂ ਪਤਾ ਲਗਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 63.91 ਕਰੋੜ ਰੁਪਏ ਦਾ ਕਥਿਤ ਘਪਲਾ ਹੋਇਆ ਹੈ। ਬਾਅਦ ਵਿਚ ਸਾਧੂ ਸਿੰਘ ਧਰਮਸੋਤ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਗਈ। ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਤਜਿੰਦਰ ਮਹਿਤਾ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮੇਘ ਚੰਦ ਸ਼ੇਰਮਾਜਰਾ ਤੇ ਗੁਰਮੁਖ ਸਿੰਘ ਪੰਡਤਾਂ ਜਨਰਲ ਸਕੱਤਰ ਨੇ ਦੱਸਿਆ ਕਿ ਮੰਤਰੀ ਸਾਧੂ ਸਿੰਘ ਵੱਲੋਂ ਕੀਤੇ ਘਪਲੇ ਕਾਰਨ ਪਿਛਲੇ ਦਿਨੀਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੇ ਦੋ ਲੱਖ ਬੱਚਿਆਂ ਨੂੰ ਰੋਲ ਨੰਬਰ ਨਾ ਜਾਰੀ ਕਰਨ ਦੀ ਧਮਕੀ ਦੇਣ ਉਪਰੰਤ ‘ਆਪ’ ਦੇ ਸੰਘਰਸ਼ ਸਦਕਾ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਦੀ ਮੈਨੇਜਮੈਂਟ ਨਾਲ ਮੀਟਿੰਗ ਕਰ ਕੇ ਜਲਦ ਹੀ ਰੋਲ ਨੰਬਰ ਜਾਰੀ ਕਰਨ ਬਾਰੇ ਐਲਾਨ ਕੀਤਾ ਗਿਆ ਸੀ। ਆਗੂਆਂ ਨੇ ਮੰਗ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਸਣੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।