ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਦਸੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਡਾ. ਬੀ ਆਰ ਅੰਬੇਡਕਰ ਸਕਾਲਰਸ਼ਿਪ ਸਬੰਧੀ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਅਤੇ ਡਾਇਰੈਕਟਰ, ਸਮਾਜਿਕ ਨਿਆਂ ਤੇ ਘੱਟ ਗਿਣਤੀ ਵਿਭਾਗ, ਚੰਡੀਗੜ੍ਹ ਦੇ ਨਾਮ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ। ਕਾਲਜ ਕਮੇਟੀ ਪ੍ਰਧਾਨ ਗੁਰਮੀਤ ਨਾਈਵਾਲਾ ਨੇ ਦੱਸਿਆ ਕਿ ਕਾਲਜ ਵਿੱਚ ਹੁਣ ਤੱਕ ਡਾ. ਬੀਆਰ ਅੰਬੇਡਕਰ ਸਕਾਲਰਸ਼ਿਪ ਦੀਆਂ ਫਾਈਲਾਂ ਸਿਰਫ 25 ਫ਼ੀਸਦੀ ਵਿਦਿਆਰਥੀਆਂ ਦੀਆਂ ਹੀ ਜਮ੍ਹਾਂ ਹੋਈਆਂ ਹਨ। ਸਕਾਲਰਸ਼ਿਪ ਅਪਲਾਈ ਕਰਨ ਦੀ ਸਾਈਟ ਦੀ ਚਾਲ ਸੁਸਤ ਹੋਣ ਕਾਰਨ ਖਾਸ ਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਪਲਾਈ ਕਰਨ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਵਿਦਿਆਰਥੀ ਹਾਲੇ ਇਸ ਪੋਰਟਲ ’ਤੇ ਆਪਣੀ ਸਕਾਲਰਸ਼ਿਪ ਅਪਲਾਈ ਕਰਨ ਤੋਂ ਵੀ ਵਾਂਝੇ ਹਨ। ਸਿੱਖਿਆ ਭਲਾਈ ਵਿਭਾਗ ਵੱਲੋਂ ਕਾਲਜ ਵਿਚ ਫਾਈਲਾਂ ਜਮ੍ਹਾਂ ਕਰਵਾਉਣ ਲਈ ਘੱਟ ਸਮਾਂ ਦਿੱਤਾ ਗਿਆ ਹੈ ਜੋ ਵਧਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੈਂਕਾਂ ਦੇ ਮਰਜ ਹੋਣ ਕਰਕੇ ਆਈਐਫਐੱਸਆਈ ਕੋਡ ਬਦਲਣ ਕਰਕੇ ਤੇ ਸਕਾਲਰਸ਼ਿਪ ਲਈ ਲੋਂੜੀਦੇ ਦਸਤਾਵੇਜ਼ ਕਾਰਨ ਖੱਜਲ ਹੋਣਾ ਪੈ ਰਿਹਾ ਹੈ।