ਜੈਸਮੀਨ ਭਾਰਦਵਾਜ
ਨਾਭਾ, 27 ਮਈ
ਇੱਥੋਂ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨਾਲ ਹਰ ਥਾਂ ਨਜ਼ਰ ਆਉਣ ਵਾਲੇ ਸ਼ਖ਼ਸ ਰਾਜੇਸ਼ ਸ਼ਰਮਾ ਵੱਲੋਂ ਸਫਾਈ ਸੇਵਕਾਂ ਦੇ ਹਾਜ਼ਰੀ ਰਜਿਸਟਰ ’ਚ ਕਥਿਤ ਤੌਰ ’ਤੇ ਗੈਰਹਾਜ਼ਰੀਆਂ ਲਗਾਉਣ ਤੋਂ ਭੜਕੇ ਸਫਾਈ ਸੇਵਕਾਂ ਨੇ ਨਗਰ ਕੌਂਸਲ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਬਾਲਕ੍ਰਿਸ਼ਨ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਸਫਾਈ ਸੇਵਕਾਂ ਉੱਪਰ ਬਿਨਾਂ ਕਾਰਨ ਰੋਅਬ ਜਤਾਇਆ ਜਾਂਦਾ ਹੈ ਜਿਸ ਕਰਕੇ ਸਫਾਈ ਸੇਵਕਾਂ ਵਿੱਚ ਰੋਸ ਹੈ।
ਇਸ ਮੌਕੇ ਵਿਰੋਧੀ ਧਿਰ ਨੇ ‘ਆਪ’ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜੇਸ਼ ਸ਼ਰਮਾ ਨੂੰ ਦਿੱਲੀ ਤੋਂ ਵਿਧਾਇਕ ਨਾਲ ਥਾਪਿਆ ਗਿਆ ਹੈ ਤੇ ਉਹ ਸਾਰੀ ਰਿਪੋਰਟ ਦਿੱਲੀ ਭੇਜਦੇ ਹਨ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੋਹਿਤ ਸੂਦ ਨੇ ਕਿਹਾ ਕਿ ਹਿੰਦੀ ਭਾਸ਼ੀ ਰਾਜੇਸ਼ ਸ਼ਰਮਾ ਵਿਧਾਇਕ ਨਾਲ ਵਿਧਾਨ ਸਭਾ ਤੋਂ ਲੈ ਕੇ ਅਫਸਰਾਂ ਨਾਲ ਮੀਟਿੰਗ ਵਿੱਚ ਨਜ਼ਰ ਆਉਂਦੇ ਹਨ। ਇੱਥੋਂ ਤੱਕ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਹਫਤੇ ਇੰਦੌਰ, ਮੱਧ ਪ੍ਰਦੇਸ਼ ਭੇਜੀ ਗਈ ਟੀਮ ਵਿੱਚ ਵੀ ਉਹ ਨਾਲ ਗਏ ਸਨ। ਅਫਸਰਾਂ ਸਮੇਤ ਪਟਿਆਲਾ ਦੇ ਮੇਅਰ ਤੇ ਨਾਭਾ ਵਿਧਾਇਕ ਨਾਲ ਬਣੀ ਇਸ ਟੀਮ ਨੇ ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਸਭ ਤੋਂ ਸਵੱਛ ਸ਼ਹਿਰ ਇੰਦੌਰ ਦੇ ਸਫਾਈ ਪ੍ਰਬੰਧਾਂ ਨੂੰ ਸਮਝਿਆ।
ਨਾਭਾ ਕੌਂਸਲ ਕਾਰਜਸਾਧਕ ਅਫਸਰ ਸੁਖਦੀਪ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਾਭਾ ਵਿਧਾਇਕ ਦੇ ਦਿੱਲੀ ਨਾਲ ਸਬੰਧਤ ਕੋਈ ਪੀਏ ਹਨ ਜਿਨ੍ਹਾਂ ਵੱਲੋ ਸਫਾਈ ਸੇਵਕਾਂ ਦੀ ਗੈਰਹਾਜ਼ਰੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਇਕ ਦੇਵ ਮਾਨ ਨੂੰ ਇਸ ਇਤਰਾਜ਼ਯੋਗ ਗਤੀਵਿਧੀ ਸਬੰਧੀ ਸੁਚੇਤ ਕਰਨਗੇ। ਹਾਲਾਂਕਿ ਰਾਜੇਸ਼ ਸ਼ਰਮਾ ਨੇ ਆਪਣੇ ਆਪ ਨੂੰ ਨਾਭਾ ਦਾ ਵਸਨੀਕ ਤੇ ਪਾਰਟੀ ਦਾ ਵਾਲੰਟੀਅਰ ਦੱਸਿਆ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਉਹ ਹਰ ਥਾਂ ਖ਼ੁਦ ਨਹੀਂ ਜਾ ਸਕਦੇ, ਇਸ ਕਰਕੇ ਹਰ ਮਹਿਕਮੇ ਉੱਪਰ ਵਾਲੰਟੀਅਰ ਲਗਾਏ ਹਨ ਤਾਂ ਕਿ ਅੱਵਲ ਦਰਜੇ ਦੀ ਸੇਵਾਵਾਂ ਦਿੱਤੀਆਂ ਜਾ ਸਕਣ।