ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਾਰਚ
ਵਿਜੀਲੈਂਸ ਦੇ ਡੀਐਸਪੀ ਪੁਨੀਤ ਚਹਿਲ ਦੀ ਅਗਵਾਈ ਹੇਠਾਂ ਵਿਜੀਲੈਂਸ ਦੀ ਮਹਿਲਾ ਇੰਸਪੈਕਟਰ ਰਣਧੀਰ ਕੌਰ ਅਤੇ ਟੀਮ ਨੇ ਪੰਜਾਬ ਸ਼ੈਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਅਤੇ ਫਾਇਨਾਂਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸੂਰਿਆ ਮੋਹਨ ਨੂੰ 12 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮੁਲਜ਼ਮ ਇੱਕ ਭਾਜਪਾ ਆਗੂ ਦਾ ਭਰਾ ਹੈ। ਵਿਜੀਲੈਂਸ ਦੇ ਐਸਐਸਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਇਹ ਰਿਸ਼ਵਤ ਉਹ ਗੁਰਮੇਲ ਸਿੰਘ ਵਾਸੀ ਪਿੰਡ ਮੱਦੋਮਾਜਰਾ ਪਾਸੋਂ ਉਸ ਦਾ ਲੋਨ ਪਾਸ ਕਰਵਾਉਣ ਬਦਲੇ ਲੈ ਰਿਹਾ ਸੀ ਜਿਸ ਨੇ ਸਰਕਾਰ ਦੀ ਸਕੀਮ ਤਹਿਤ ਪੰਜ ਲੱਖ ਦੇ ਲੋਨ ਲਈ ਅਰਜ਼ੀ ਦਾਇਰ ਕੀਤੀ ਸੀ। ਪਰ ਇਹ ਲੋਨ ਪਾਸ ਕਰਨ ਬਦਲੇ ਜ਼ਿਲ੍ਹਾ ਮੈਨੇਜਰ ਪਾਸੋਂ ਪੰਦਰਾਂ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਵਿਚੋਂ ਤਿੰਨ ਹਜ਼ਾਰ ਰੁਪਏ ਕੁਝ ਸਮਾਂ ਪਹਿਲਾਂ ਹੀ ਲੈ ਲਏ ਗਏ ਸਨ। ਪਰ ਹੁਣ ਲੋਨ ਜਾਰੀ ਕਰਨ ਮੌਕੇ ਜ਼ਿਲ੍ਹਾ ਮੈਨੇਜਰ ਨੇ ਗੁਰਮੇਲ ਸਿੰਘ ਪਾਸੋਂ ਲੋੜੀਂਦੇ ਦਸਤਾਵੇਜ਼ ਮੰਗਵਾਉਣ ਸਮੇਤ ਬਾਕੀ ਰਹਿੰਦੇ ਰਿਸ਼ਵਤ ਦੇ 12 ਹਜ਼ਾਰ ਰੁਪਏ ਵੀ ਹਾਸਲ ਕੀਤੇ। ਪਰ ਡੀਐਸਪੀ ਪੁਨੀਤ ਚਹਿਲ ਦੀ ਨਿਗਰਾਨੀ ਹੇਠਾਂ ਇੰਸਪੈਕਟਰ ਰਣਧੀਰ ਕੌਰ ਤੇ ਟੀਮ ਨੇ ਟਰੈਪ ਲਾ ਕੇ ਉਸ ਨੂੰ 12 ਹਜ਼ਾਰ ਰੁਪਏ ਦੀ ਇਹ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ।