ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੂਨ
ਦਲਿਤ ਵਰਗ ਨਾਲ ਸਬੰਧਤ ਏ.ਪੀ.ਆਰ.ਓ. ਡਾ. ਹਰਮਿੰਦਰ ਸਿੰਘ ਖੋਖਰ ਨੂੰ 21 ਸਾਲਾਂ ਦੀ ਨੌਕਰੀ ਦੌਰਾਨ ਇਕ ਵੀ ਤਰੱਕੀ ਨਾ ਦਿੱਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕਮਿਸ਼ਨ ਤੱਕ ਪਹੁੰਚ ਬਣਾਉਂਦਿਆਂ ਖੋਖਰ ਨੇ ਦੱਸਿਆ ਕਿ ਉਸ ਦੀ 2001 ’ਚ ਏਪੀਆਰਓ ਵਜੋਂ ਨਿਯੁਕਤੀ ਹੋਈ ਸੀ ਪਰ ਹੁਣ ਤੱਕ ਉਸ ਨੂੰ ਇੱਕ ਵੀ ਤਰੱਕੀ ਨਹੀਂ ਦਿੱਤੀ ਗਈ ਜਦਕਿ ਯੂਨੀਵਰਸਿਟੀ ਵੱੱਲੋਂ ਆਪਣੇ ਸਾਰੇ ਵਿਭਾਗਾਂ ਵਿੱਚ ਤਰੱਕੀਆਂ ਲਈ ਪੰਜਾਬ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸੇ ਨਿਯਮ ਤਹਿਤ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਪ੍ਰਮੋਸ਼ਨ ਪਾਲਿਸੀ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਲਾਗੂ ਹੁੰਦੀ ਹੈ ਜਿਸ ਤਹਿਤ ਉਨ੍ਹਾਂ ਨੂੰ 2009 ਵਿੱਚ ਤਰੱਕੀ ਦੇਣੀ ਬਣਦੀ ਸੀ, ਪਰ ਅਜੇ ਤੱਕ ਵੀ ਤਰੱਕੀ ਨਹੀਂ ਦਿੱਤੀ ਗਈ। ਖੋਖਰ ਨੇ ਦੋਸ਼ ਲਗਾਇਆ ਕਿ ਇਹ ਉਨ੍ਹਾਂ ਨਾਲ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਵਿਤਕਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਐਕਟ 2004 ਦੀ ਧਾਰਾ 10 ਤਹਿਤ ਪ੍ਰਦਾਨ ਸ਼ਕਤੀਆਂ ਦੇ ਸਨਮੁੱਖ ਇਸ ਸ਼ਿਕਾਇਤ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਖੋਖਰ ਅਨੁਸਾਰ ਇਸ ਨੋਟਿਸ ਦੀ ਸੁਣਵਾਈ 10 ਜੂਨ ਨੂੰ ਨਿਰਧਾਰਤ ਕੀਤੀ ਗਈ ਹੈੇ। ਨੋਟਿਸ ਵਿੱਚ ਰਜਿਸਟਰਾਰ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ, ਤਾਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।