ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਗਸਤ
ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਗਰਦਨ ’ਤੇ ਗੰਭੀਰ ਸੱਟ ਤੋਂ ਪੀੜਤ ਮਰੀਜ਼ ਦੀ ਸਫਲਤਾ ਪੂਰਵਕ ਸਰਜਰੀ ਕਰਕੇ ਉਸ ਜਾਨ ਬਚਾਈ ਹੈ। ਮਰੀਜ਼ ਦੀ ਹਵਾ ਵਾਲੀ ਨਾਲੀ ਵਿੱਚ ਕਈ ਥਾਵਾਂ ’ਤੇ ਸੱਟ ਲੱਗੀ ਸੀ। ਗੁੰਝਲਦਾਰ ਕੇਸ ਵਿਚਲੇ ਇਸ ਮਰੀਜ਼ ਦਾ ਵੱਡੇ ਪੱਧਰ ’ਤੇ ਖੂਨ ਵਹਿ ਰਿਹਾ ਸੀ। ਉਸ ਨੂੰ ਨੱਕ, ਕੰਨ ਤੇ ਗਲੇ (ਈਐੱਨਟੀ) ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ। ਈਐੱਨਟੀ ਵਿਭਾਗ ਦੇ ਮੁਖੀ ਡਾ. ਸੰਜੀਵ ਭਗਤ, ਡਾ. ਦਿਨੇਸ਼ ਕੁਮਾਰ ਸ਼ਰਮਾ, ਡਾ. ਵਿਸ਼ਵ ਯਾਦਵ ਅਤੇ ਸੀਨੀਅਰ ਰੈਜ਼ੀਡੈਂਟ ਡਾ. ਅੰਕਿਤਾ ਅਗਰਵਾਲ ਦੀ ਅਗਵਾਈ ਵਿੱਚ ਈਐੱਨਟੀ ਸਰਜਨਾਂ ਦੀ ਟੀਮ ਨੇ ਗੰਭੀਰ ਜ਼ਖ਼ਮੀ ਗਰਦਨ ਅਤੇ ਸਾਹ ਦੀ ਨਾਲੀ ਨੂੰ ਠੀਕ ਕਰਨ ਵਿੱਚ ਤਿੰਨ ਘੰਟੇ ਦਾ ਸਮਾਂ ਲਗਾਇਆ। ਪਹਿਲਾਂ ਅਜਿਹੇ ਮਰੀਜ਼ਾਂ ਨੂੰ ਇਸ ਗੁੰਝਲਦਾਰ ਸਰਜਰੀ ਲਈ ਪੀਜੀਆਈ ਭੇਜਿਆ ਜਾਂਦਾ ਸੀ। ਮਰੀਜ਼ ਨੂੰ 24 ਘੰਟਿਆਂ ਲਈ ਆਈਸੀਯੂ ਦੇਖਭਾਲ ਦਿੱਤੀ ਗਈ ਅਤੇ ਮਰੀਜ਼ ਠੀਕ ਹੋ ਕੇ ਹੁਣ ਖ਼ਤਰੇ ਤੋਂ ਬਾਹਰ ਹੈ। ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਜਿੰਦਰਾ ਹਸਪਤਾਲ ਅਜਿਹੇ ਗੁੰਝਲਦਾਰ ਕੇਸਾਂ ਨਾਲ ਨਜਿੱਠਣ ਲਈ ਤਿਆਰ ਹੈ ਜੋ ਪਹਿਲਾਂ ਪੀਜੀਆਈ ਜਾਂ ਕਿਤੇ ਹੋਰ ਭੇਜੇ ਜਾਂਦੇ ਸਨ।