ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਜਨਵਰੀ
ਹਲਕਾ ਸ਼ੁਤਰਾਣਾ ਵਿੱਚ ਪਿੰਡਾਂ ਦੇ ਵਿਕਾਸ ਲਈ ਆਈ ਗਰਾਂਟ ਵਿੱਚ ਹੋਈ ਵਿਤਕਰੇਬਾਜ਼ੀ ਤੋਂ ਖ਼ਫ਼ਾ ਕੁਝ ਪਿੰਡਾਂ ਦੇ ਸਰਪੰਚਾਂ ਨੇ ਚੋਣਾਂ ਵਿੱਚ ਬੂਥ ਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ। ਘੱਟ ਗਰਾਂਟ ਮਿਲਣ ਵਾਲੇ ਪਿੰਡਾਂ ਦੇ ਸਰਪੰਚਾਂ ਨੇ ਬਲਾਕ ਵਿਕਾਸ ਅਫ਼ਸਰ ਪਾਤੜਾਂ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕਰ ਕੇ ਪਿੰਡਾਂ ਨਾਲ ਹੋਈ ਕਥਿਤ ਵਿਤਕਰੇਬਾਜ਼ੀ ਦਾ ਮਾਮਲਾ ਮੁੱਖ ਮੰਤਰੀ, ਡੀਸੀ ਪਟਿਆਲਾ ਅਤੇ ਕਾਂਗਰਸ ਵੱਲੋਂ ਹਲਕੇ ਵਿੱਚ ਲਗਾਏ ਆਬਜ਼ਰਵਰ ਦੇ ਧਿਆਨ ’ਚ ਲਿਆਉਣ ਦਾ ਫ਼ੈਸਲਾ ਲਿਆ ਹੈ। ਪੰਚਾਇਤ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਬਲਾਕ ਸਮਿਤੀ ’ਚ ਪਿਆ ਪੈਸਾ ਸਰਪੰਚਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਪੰਚਾਇਤ ਯੂਨੀਅਨ ਦੇ ਪ੍ਰਧਾਨ ਮੋਹਰ ਸਿੰਘ ਜਿਉਣਪੁਰਾ, ਸੁਖਵਿੰਦਰ ਸਿੰਘ ਬਕਰਾਹਾ, ਗੁਲਾਬ ਸਿੰਘ ਤੇ ਮਲਕ ਸਿੰਘ ਦੁਤਾਲ ਨੇ ਕਿਹਾ ਕਿ ਕਾਫੀ ਜੱਦੋ-ਜਹਿਦ ਮਗਰੋਂ ਪਾਤੜਾਂ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਪੰਚਇਤਾਂ ਨੂੰ ਜੋ ਗਰਾਂਟ ਮਿਲੀ ਹੈ ਉਸ ਵਿੱਚੋਂ ਜ਼ਿਆਦਾ ਹਿੱਸਾ ਇੱਕ ਸਿਆਸੀ ਆਗੂ ਦੇ ਕਹਿਣ ’ਤੇ ਸਿਰਫ਼ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ 6.03 ਕਰੋੜ ਰੁਪਏ ਦੀ ਗਰਾਂਟ ਜਾਰੀ ਹੋਈ ਸੀ, ਜਿਸ ਦੀ ਵੰਡ ਸਹੀ ਨਹੀਂ ਹੋਈ। ਵੰਡ ਸਹੀ ਕਰਵਾਉਣ ਅਤੇ ਬਲਾਕ ਸਮਿਤੀ ਵਿੱਚ ਜਮ੍ਹਾਂ ਰਾਸ਼ੀ ਪੰਚਾਇਤਾਂ ਨੂੰ ਵੰਡਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਅਤੇ ਕਾਂਗਰਸ ਦੇ ਹਲਕਾ ਆਬਜ਼ਰਵਰ ਹਰਪ੍ਰੀਤ ਸਿੰਘ ਚੀਮਾ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ ਜਾਵੇਗੀ। ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਪੰਚਾਇਤ ਯੂਨੀਅਨ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੌਰਾਨ ਕੁਝ ਸਰਪੰਚਾਂ ਨੇ ਐਲਾਨ ਕੀਤਾ ਕਿ ਗਰਾਂਟ ਨਾ ਮਿਲਣ ਦੀ ਸੂਰਤ ਵਿੱਚ ਉਹ ਪਿੰਡਾਂ ਵਿੱਚ ਕਾਂਗਰਸ ਦੇ ਬੂਥ ਨਹੀਂ ਲੱਗਣ ਦੇਣਗੇ। ਸਰਪੰਚ ਸੂਬਾ ਸਿੰਘ ਸੇਲਵਾਲਾ ਨੇ ਕਿਹਾ ਕਿ ਗਰਾਂਟ ’ਚ ਹੋਈ ਘਪਲੇਬਾਜ਼ੀ ਲਈ ਬੀਡੀਪੀਓ ਬਲਾਕ ਪਾਤੜਾਂ ਦੇ ਕਰਮਚਾਰੀ ਤੇ ਅਧਿਕਾਰੀ ਜ਼ਿੰਮੇਵਾਰ ਹਨ। ਮੀਟਿੰਗ ਵਿੱਚ ਮੌਜੂਦ ਕਾਂਗਰਸੀ ਆਗੂ ਦਰਬਾਰਾ ਸਿੰਘ ਵਣਵਾਲਾ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
ਕੀ ਕਹਿੰਦੇ ਨੇ ਅਧਿਕਾਰੀ
ਬੀਡੀਪੀਓ ਪਾਤੜਾਂ ਵਨੀਤਾ ਰਾਣੀ ਨੇ ਗਰਾਂਟਾਂ ’ਚ ਵਿਤਕਰੇਬਾਜ਼ੀ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਪੰਚਾਇਤਾਂ ਨੂੰ ਜਿੰਨੀ-ਜਿੰਨੀ ਗਰਾਂਟ ਪਾਉਣ ਦੀ ਹਦਾਇਤ ਕੀਤੀ ਗਈ ਸੀ ਉਸ ਮੁਤਾਬਕ ਗਰਾਂਟਾਂ ਰਿਲੀਜ਼ ਕੀਤੀਆਂ ਗਈਆਂ ਹਨ।