ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਗਸਤ
ਵਿਜੀਲੈਂਸ ਬਿਊਰੋ ਪਟਿਆਲਾ ਨੇ ਅੱਜ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਪਿੰਡ ਵਿੱਚ ਵਿਕਾਸ ਕਾਰਜਾਂ ਦੇ ਨਾਮ ’ਤੇ ਪੰਚਾਇਤੀ ਫੰਡਾਂ ਵਿੱਚ 12.24 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੁੱਡਾ ਨੇ ਅੰਮ੍ਰਿਤਸਰ-ਕੋਲਕਾਤਾ ਏਕੀਕ੍ਰਿਤ ਕੋਰੀਡੋਰ ਦੀ ਉਸਾਰੀ ਲਈ ਸ਼ੰਭੂ ਬਲਾਕ ਦੇ ਰਾਜਪੁਰਾ ਨੇੜਲੇ ਪਿੰਡਾਂ ਪੱਬਰਾ, ਤਖਤੂ ਮਾਜਰਾ, ਸੇਹਰਾ, ਸੇਹਰੀ ਅਤੇ ਆਕੜੀ ਦੀ 1104 ਏਕੜ ਸ਼ਾਮਲਾਤ ਜ਼ਮੀਨ ਐਕੁਆਇਰ ਕੀਤੀ ਸੀ। ਜਿਸ ਸਬੰਧੀ ਇਨ੍ਹਾਂ ਪਿੰਡਾਂ ਲਈ ਗਈ 285 ਕਰੋੜ ਦੀ ਰਾਸ਼ੀ ਵਿਚੋਂ ਆਕੜੀ ਪਿੰਡ ਨੂੰ ਜ਼ਮੀਨ ਬਦਲੇ 51 ਕਰੋੜ ਰੁਪਏ ਮਿਲੇ ਸਨ। ਜਾਂਚ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਹਰਜੀਤ ਕੌਰ ਵੱਲੋਂ ਸਰਪੰਚ ਵਜੋਂ ਕਰਵਾਏ ਗਏ ਵਿਕਾਸ ਕਾਰਜਾਂ ’ਚ ਗੜਬੜੀਆਂ ਪਾਈਆਂ ਗਈਆਂ ਹਨ। ਗ੍ਰਾਮ ਪੰਚਾਇਤ ਦੇ ਜਾਅਲੀ ਮਤੇ ਪਾਸ ਕਰਕੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ। ਕੰਮਾਂ ਨੂੰ ਸਹੀ ਸਾਬਤ ਕਰਨ ਲਈ ਵੱਖ-ਵੱਖ ਫਰਮਾਂ ਨੂੰ ਚੈੱਕਾਂ ਰਾਹੀਂ ਭੁਗਤਾਨ ਕੀਤਾ ਗਿਆ।