ਪੱਤਰ ਪ੍ਰੇਰਕ
ਪਾਤੜਾਂ, 4 ਸਤੰਬਰ
ਪਿੰਡ ਬਾਦਸ਼ਾਹਪੁਰ ਦੀ ਸਰਪੰਚ ਅਤੇ ਉਸ ਦੇ ਪਤੀ ’ਤੇ ਪਿੰਡ ਵਾਸੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿੱਚ ਪਲਾਟ ਕੱਟਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਦੇ ਨਾਮ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਗਈ ਹੈ। ਬਚਿੱਤਰ ਸਿੰਘ ਅਤੇ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਲੋਕਾਂ ਨੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਦਫਤਰ ਵਿੱਚ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ਪਿੰਡ ਦੀ ਸਰਪੰਚ ਅਤੇ ਉਸ ਦੇ ਪਤੀ ਵੱਲੋਂ ਆਪਣੇ ਚਹੇਤਿਆਂ ਨੂੰ ਸਕੂਲ ਦੇ ਖੇਡ ਸਟੇਡੀਅਮ ਦੀ ਪੌਣੇ ਦੋ ਏਕੜ ਜ਼ਮੀਨ ’ਤੇ ਮਹਿਜ਼ 650 ਰੁਪਏ ਪ੍ਰਤੀ ਪਲਾਟ ਦੀ ਰਸੀਦ ਕੱਟੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਪਲਾਟ ਦਿੱਤੇ ਜਾਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ 1995 ਵਿਚ ਪੰਚਾਇਤ ਨੇ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਨੂੰ ਖੇਡ ਸਟੇਡੀਅਮ ਬਣਾਉਣ ਲਈ ਦਿੱਤੀ ਸੀ ਉਨ੍ਹਾਂ ਇਸ ਦੇ ਕੁਝ ਹਿੱਸੇ ਤੇ ਪਿੰਡ ਦੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਹੁਣ ਹੁਣ ਕਬਜ਼ਾ ਛੁਡਾਉਣ ਮਗਰੋਂ ਪਲਾਟ ਅਲਾਟ ਕਰਕੇ ਖੇਡ ਸਟੇਡੀਅਮ ਖ਼ਤਮ ਕੀਤਾ ਜਾ ਰਿਹਾ ਹੈ। ਉਕਤ ਵਿਅਕਤੀਆਂ ਨੇ ਮੰਗ ਕੀਤੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਪਲਾਟ ਦੇਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਧਾਇਕ ਦੇ ਦਫਤਰ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੰਗ ਪੱਤਰ ਪ੍ਰਾਪਤ ਕਰਕੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਉਹ ਮੰਗ ਪੱਤਰ ਵਿਧਾਇਕ ਨੂੰ ਸੌਂਪ ਦੇਣਗੇ। ਸਰਪੰਚ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਕੋਈ ਪਲਾਟ ਨਹੀਂ ਵੇਚਿਆ। ਜ਼ਮੀਨ ਦੇ ਕਬਜ਼ਾ ਵਾਰੰਟ ਆਉਣ ਮਗਰੋਂ 650 ਰੁਪਏ ਦੀ ਪੱਕੀ ਰਸੀਦ ਕੱਟ ਕੇ ਹਲਕਾ ਵਿਧਾਇਕ ਅਤੇ ਬੀਡੀਪੀਓ ਸਮਾਣਾ ਦੇ ਨਿਰਦੇਸ਼ ’ਤੇ ਪੰਜ ਪੰਜ ਮਰਲੇ ਦੇ ਪਲਾਟ ਗਰੀਬਾਂ ਨੂੰ ਦਿੱਤੇ ਜਾ ਰਹੇ ਹਨ।