ਗੁਲਾਬ ਸਿੰਘ ਚੌਹਾਨ
ਪਾਤੜਾਂ, 28 ਦਸੰਬਰ
ਪਿੰਡ ਹਰਿਆਊ ਖੁਰਦ ਦੇ ਐੱਸਸੀ ਸ਼ਮਸ਼ਾਨਘਾਟ ਵਿੱਚੋਂ ਗ੍ਰਾਮ ਪੰਚਾਇਤ ਵੱਲੋਂ ਪੁਰਾਣੇ ਖੜ੍ਹੇ ਰੁੱਖਾਂ ਨੂੰ ਕਟਵਾਉਣ ’ਤੇ ਐੱਸਸੀ ਭਾਈਚਾਰੇ ਵਿੱਚ ਰੋਸ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੰਚਾਇਤ ਨੇ ਗੈਰਕਾਨੂੰਨੀ ਢੰਗ ਨਾਲ ਰੁੱਖਾਂ ਦੀ ਕਟਾਈ ਕੀਤੀ ਹੈ।
ਉਨ੍ਹਾਂ ਉੱਚ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਪੰਚਾਇਤ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੰਚਾਇਤ ਵਿਭਾਗ ਜਾਂ ਸਬੰਧਤ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਸਾਬਕਾ ਸਰਪੰਚ ਮੰਗਤ ਸਿੰਘ ਹਰਿਆਊ, ਭੀਮ ਆਰਮੀ ਪਾਤੜਾਂ ਦੇ ਪ੍ਰਧਾਨ ਗੁਰਸੇਵਕ ਸਿੰਘ ਹਰਿਆਊ, ਗਗਨ ਸਿੰਘ, ਮਜ਼ਦੂਰ ਮਗਨਰੇਗਾ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੱਤ ਦਹਾਕੇ ਪਹਿਲਾਂ ਉਨ੍ਹਾਂ ਦੇ ਬਜ਼ੁਰਗ ਮੁਰਦਿਆਂ ਨੂੰ ਕਬਰਸਤਾਨ ਵਿੱਚ ਦਬਾਉਂਦੇ ਹੁੰਦੇ ਸਨ। ਮੁਰੱਬਾਬੰਦੀ ਸਮੇਂ ਦਸ ਕਨਾਲ ਪੰਜ ਮਰਲੇ ਥਾਂ ਕਬਰਸਤਾਨ ਲਈ ਰੱਖੀ ਗਈ ਸੀ ਜੋ ਹੁਣ ਵਕਫ਼ ਬੋਰਡ ਦੇ ਨਾਂ ਹੈ। ਚਾਰ ਕਨਾਲਾਂ ਜ਼ਮੀਨ ਐੱਸਸੀ ਸ਼ਮਸ਼ਾਨਘਾਟ ਲਈ ਰਾਖਵੀਂ ਰੱਖੀ ਗਈ ਸੀ। ਆਜ਼ਾਦੀ ਤੋਂ ਬਾਅਦ ਮੁਸਲਮਾਨਾਂ ਦੇ ਚਲੇ ਜਾਣ ਬਾਅਦ ਦੋਵੇਂ ਥਾਵਾਂ ਨੂੰ ਇਕ ਥਾਂ ਇਕੱਠਾ ਕਰ ਲਿਆ ਸੀ। ਸ਼ਮਸ਼ਾਨਘਾਟ ਤੇ ਰੁੱਖਾਂ ਦੀ ਸਾਂਭ-ਸੰਭਾਲ ਐੱਸਸੀ ਸ਼ਮਸ਼ਾਨਘਾਟ ਕਮੇਟੀ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਪੰਦਰਾਂ ਕੁ ਦਿਨ ਪਹਿਲਾਂ ਕਾਂਗਰਸ ਦੇ ਸਰਪੰਚ ਗੁਲਾਬ ਸਿੰਘ ਨੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਦੀ ਸ਼ਹਿ ’ਤੇ ਗੇਟ ਨੂੰ ਲਾਇਆ ਜਿੰਦਰਾ ਤੋੜ ਕੇ ਦਹਾਕਿਆਂ ਪੁਰਾਣੇ ਰੁੱਖ ਕਟਵਾ ਦਿੱਤੇ। ਇੰਜ ਜੜ੍ਹਾਂ ਪੁੱਟਣ ਸਮੇਂ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਕਬਰਾਂ ਖੋਦ ਕੇ ਅਪਮਾਨ ਕੀਤਾ ਗਿਆ ਹੈ।
ਕੀ ਕਹਿਣਾ ਹੈ ਸਰਪੰਚ ਦਾ
ਸਰਪੰਚ ਗੁਲਾਬ ਸਿੰਘ ਨੇ ਕਿਹਾ ਹੈ ਕਿ ਜੰਗਲਾਤ ਅਤੇ ਪੰਚਾਇਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਰੁੱਖਾਂ ਦੀ ਬੋਲੀ ਸਬੰਧੀ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਪਰ ਹੁਣ ਪਿੰਡ ਵਾਲੇ ਕੁਝ ਵਿਅਕਤੀਆਂ ਦੀ ਸ਼ਹਿ ’ਤੇ ਕਟਵਾਏ ਹੋਏ ਰੁੱਖ ਚੁੱਕਣ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕਬਰਸਤਾਨ ਨੂੰ ਵਕਫ ਬੋਰਡ ਦੀ ਜਗ੍ਹਾ ਦੱਸਣ ਵਾਲੇ ਸਾਬਕਾ ਸਰਪੰਚ ਮੰਗਤ ਸਿੰਘ ਨੇ ਪੰਚਾਇਤੀ ਫੰਡ ਵਿੱਚੋਂ ਚਾਰਦੀਵਾਰੀ ਕਰਵਾਈ ਸੀ। ਹੁਣ ਸਿਆਸੀ ਰੰਗਤ ਦੇ ਕੇ ਪਿੰਡ ਦੇ ਵਿਕਾਸ ਨੂੰ ਰੋਕ ਰਿਹਾ ਹੈ।