ਚੋਰੀ ਤੇ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ, ਦੋ ਫ਼ਰਾਰ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਪੁਲੀਸ ਦੇ ਸੀਆਈਏ ਸਟਾਫ਼ ਦੀ ਪੁਲੀਸ ਨੇ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋ ਚੋਰੀ ਦੇ ਚਾਰ ਮੋਟਰਸਾਈਕਲ, 12 ਮੋਬਾਈਲ ਅਤੇ ਅਸਲਾ ਬਰਾਮਦ ਕੀਤਾ ਹੈ। ਗਰੋਹ ਦੇ ਦੋ ਮੈਂਬਰ ਫ਼ਰਾਰ ਹੋ ਗਏ। ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲੀਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ ਗਿਆ। ਬੇਨੜਾ-ਸਾਰੋਂ ਲਿੰਕ ਰੋਡ ਨੇੜੇ ਬੇਆਬਾਦ ਜਗ੍ਹਾ ਤੋਂ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਰਵੀ ਸ਼ਰਮਾ, ਲਵਲੀ, ਰਾਜੂ ਕੁਮਾਰ, ਹੀਰਾ ਲਾਲ ਉਰਫ਼ ਜੋਨੀ ਵਾਸੀ ਸੁਨਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਗਰੋਹ ਦੇ ਦੋ ਮੈਂਬਰ ਜਸ਼ਨਦੀਪ ਸਿੰਘ ਉਰਫ਼ ਬਿੰਦੀ ਵਾਸੀ ਸੁਨਾਮ ਅਤੇ ਕੁਲਵਿੰਦਰ ਸਿੰਘ ਉਰਫ਼ ਕਾਲਾ ਵਾਸੀ ਤੋਲਾਵਾਲ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਭੱਜਣ ਵਿਚ ਸਫ਼ਲ ਹੋ ਗਏ।