ਪੱਤਰ ਪ੍ਰੇਰਕ
ਰਾਜਪੁਰਾ, 10 ਜੂਨ
ਉਜਾੜਾ ਰੋਕੂ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਮੀਟਿੰਗ ਜਥੇਬੰਦੀਆਂ ਦੇ ਆਗੂਆਂ ਲਸ਼ਕਰ ਸਿੰਘ ਸਰਦਾਰਗੜ੍ਹ, ਜੰਗ ਸਿੰਘ ਭਟੇੜੀ, ਜੋਧ ਸਿੰਘ, ਪੱਪੂ ਰਾਮ ਖਡੌਲੀ ਅਤੇ ਸੁਰਿੰਦਰ ਸਿੰਘ ਨੀਲਪੁਰ ਦੀ ਸਾਂਝੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਅਤੇ ਲਸ਼ਕਰ ਸਿੰਘ ਸਰਦਾਰਗੜ੍ਹ ਸਣੇ ਹੋਰਾਂ ਬੁਲਾਰਿਆਂ ਨੇ ਆਖਿਆ ਕਿ ਪਿਛਲੇ 28 ਸਾਲਾਂ ਤੋਂ ਅਣਵਰਤੀ ਪਈ 533 ਏਕੜ ਜ਼ਮੀਨ ਅਸਲ ਮਾਲਕਾਂ ਨੂੰ ਵਾਪਸ ਕਰਵਾਉਣ ਤੋਂ ਇਲਾਵਾ ਆਵਾਰਾ ਪਸ਼ੂਆਂ ਅਤੇ ਸੀਲ ਕੈਮੀਕਲ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਦੂਸ਼ਿਤ ਹੋ ਰਹੇ ਜ਼ਮੀਨ ਹੇਠਲੇ ਪਾਣੀ ਦੇ ਹੱਲ ਲਈ ਲੰਮੇ ਅਰਸੇ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਮਸਲੇ ਦੇ ਸ਼ਾਂਤੀਪੂਰਵਕ ਹੱਲ ਲਈ ਮੁਲਾਕਾਤ ਦਾ ਸਮਾਂ ਨਿਸ਼ਚਿਤ ਕਰਵਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਸੜਕੀ ਆਵਾਜਾਈ ਠੱਪ ਕਰਨ ਸਮੇਤ ਤੇਜ਼ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ।