ਪੱਤਰ ਪ੍ਰੇਰਕ
ਸਮਾਣਾ, 1 ਨਵੰਬਰ
ਝਾੜਫੂਸ ਦੇ ਰੇਟ ਸਬੰਧੀ ਮਜ਼ਦੂਰਾਂ ਅਤੇ ਠੇਕੇਦਾਰ ਵਿੱਚ ਹੋਏ ਤਕਰਾਰ ਤੋਂ ਬਾਅਦ ਕਈ ਦਰਜਨ ਮਜ਼ਦੂਰਾਂ ਨੇ ਦੁਪਹਿਰ ਸਮੇਂ ਸਮਾਣਾ-ਭਵਾਨੀਗੜ੍ਹ ਸੜਕ ’ਤੇ ਧਰਨਾ ਲਾ ਕੇ ਜਾਮ ਲਗਾ ਦਿੱਤਾ ਅਤੇ ਠੇਕੇਦਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਦੋਵਾਂ ਧਿਰਾਂ ਨੂੰ ਵਿਸ਼ਵਾਸ ’ਚ ਲੈ ਕੇ ਡੀਐੱਸਪੀ ਸੌਰਵ ਜਿੰਦਲ ਨੇ ਧਰਨਾ ਖ਼ਤਮ ਕਰਵਾਇਆ। ਧਰਨਾਕਾਰੀ ਅਸ਼ੋਕ ਕੁਮਾਰ ਤੇ ਸੁੱਖਾ ਰਾਮ ਨੇ ਦੱਸਿਆ ਕਿ ਠੇਕੇਦਾਰ ਕੋਲ ਅਨਾਜ ਮੰਡੀ ਦੇ ਅੰਦਰ ਝਾੜਫੂਸ ਚੁੱਕਣ ਦਾ ਠੇਕਾ ਹੈ ਪਰ ਉਹ ਅਨਾਜ ਮੰਡੀ ਦੇ ਬਾਹਰ ਵਾਲਾ ਝਾੜਫੂਸ ਵੀ ਸਾਡੇ ਕੋਲੋਂ ਧੱਕੇ ਨਾਲ 100 ਰੁਪਏ ਭਾਅ ਖ਼ਰੀਦ ਕੇ 350 ਰੁਪਏ ਮਹਿੰਗੇ ਭਾਵ ਵੇਚ ਰਿਹਾ ਹੈ। ਇਸ ਸਬੰਧੀ ਠੇਕੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਮਜ਼ਦੂਰ ਮੰਡੀ ਅਤੇ ਖ਼ਰੀਦ ਕੇਂਦਰਾਂ ’ਚੋਂ ਗੈਰਕਾਨੂੰਨੀ ਤਰੀਕੇ ਨਾਲ ਖ਼ਰੀਦ ਕਰ ਕੇ ਬਾਹਰ ਲੈ ਜਾਂਦੇ ਹਨ।
ਇਸ ਸਬੰਧੀ ਡੀਐੱਸਪੀ ਗੌਰਵ ਜਿੰਦਲ ਨੇ ਦੱਸਿਆ ਕਿ ਠੇਕੇਦਾਰ ਅਤੇ ਮਜ਼ਦੂਰਾਂ ਦਾ ਰੇਟ ਰਜ਼ਾਮੰਦੀ ਨਾਲ ਵਧਾ ਕੇ ਤੈਅ ਕਰਵਾ ਕੇ ਮਸਲੇ ਦਾ ਹੱਲ ਕਰਵਾ ਦਿੱਤਾ ਗਿਆ।